ਐਟਲਾਂਟਾ ਏਅਰਪੋਰਟ ’ਤੇ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 4 ਲੋਕਾਂ ਦੀ ਮੌਤ

Saturday, Oct 09, 2021 - 08:52 PM (IST)

ਐਟਲਾਂਟਾ ਏਅਰਪੋਰਟ ’ਤੇ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 4 ਲੋਕਾਂ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਐਟਲਾਂਟਾ ’ਚ ਸ਼ੁੱਕਰਵਾਰ ਨੂੰ ਇਕ ਛੋਟਾ ਜਹਾਜ਼ ਐਟਲਾਂਟਾ ਦੇ ਇਕ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ’ਚ ਜਹਾਜ਼ ਵਿਚ ਸਵਾਰ ਸਾਰੇ 4 ਲੋਕਾਂ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ (ਐੱਫ. ਏ. ਏ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਗਲ-ਇੰਜਣ ਸੇਸਨਾ 210 ਜਹਾਜ਼ ਦੁਪਹਿਰ 1:10 ਵਜੇ ਕ੍ਰੈਸ਼ ਹੋਇਆ। ਡੀਕਲਬ-ਪੀਚਟਰੀ ਹਵਾਈ ਅੱਡੇ ’ਤੇ ਉਡਾਣ ਭਰਨ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਾਉਂਟੀ ਦੇ ਫਾਇਰ ਅਧਿਕਾਰੀ ਕੈਪਟਨ ਜੇਸਨ ਡੈਨੀਅਲਸ ਅਨੁਸਾਰ ਕਾਉਂਟੀ ਦੇ ਮਾਲਕੀ ਵਾਲੇ ਹਵਾਈ ਅੱਡੇ ’ਤੇ ਘੱਟੋ-ਘੱਟ 15 ਫਾਇਰ ਫਾਈਟਰ ਰਨਵੇਅ ’ਤੇ ਪਹੁੰਚੇ ਅਤੇ ਅੱਗ ਨੂੰ ਤੇਜ਼ੀ ਨਾਲ ਬੁਝਾਇਆ ਪਰ ਜਹਾਜ਼ ’ਚ ਸਵਾਰ ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ।

ਹਾਲਾਂਕਿ ਅਧਿਕਾਰੀਆਂ ਨੇ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ। ਇਹ ਹਵਾਈ ਅੱਡਾ ਐਟਲਾਂਟਾ ਦੇ ਡਾਊਨਟਾਊਨ ਤੋਂ 10 ਮੀਲ (16 ਕਿਲੋਮੀਟਰ) ਦੀ ਦੂਰੀ ’ਤੇ 700 ਏਕੜ (280 ਹੈਕਟੇਅਰ) ਤੋਂ ਵੱਧ ’ਚ ਫ਼ੈਲਿਆ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਔਸਤਨ ਤਕਰੀਬਨ 209,000 ਸਾਲਾਨਾ ਉਡਾਣਾਂ ਉਤਰਨ ਦੇ ਨਾਲ ਇਹ ਐਟਲਾਂਟਾ ਦੇ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ਤੋਂ ਬਾਅਦ ਸਟੇਟ ਦਾ ਦੂਜਾ ਸਭ ਤੋਂ ਰੁਝੇਵਿਆਂ ਭਰਿਆ ਹਵਾਈ ਅੱਡਾ ਹੈ। ਇਸ ਹਾਦਸੇ ਦੇ ਸਬੰਧ ’ਚ ਐੱਫ. ਏ. ਏ. ਨੇ ਦੱਸਿਆ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਦੀ ਅਗਵਾਈ ਕਰੇਗਾ।


author

Manoj

Content Editor

Related News