ਅਮਰੀਕਾ ਦੇ ਸੂਬੇ ਹਵਾਈ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 36 ਲੋਕਾਂ ਦੀ ਮੌਤ
Thursday, Aug 10, 2023 - 02:58 PM (IST)
ਵੈਲੁਕੂ/ਹਵਾਈ (ਭਾਸ਼ਾ) : ਅਮਰੀਕਾ ਦੇ ਸੂਬੇ ਹਵਾਈ ਦੇ ਮਾਉਈ ਕਾਉਂਟੀ ਦੇ ਲਾਹੈਨਾ ਵਿੱਚ ਜੰਗਲਾਂ ਵਿਚ ਭਿਆਨਕ ਅੱਗ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ। ਮਾਉਈ ਕਾਉਂਟੀ ਨੇ ਬੁੱਧਵਾਰ ਸ਼ਾਮ ਨੂੰ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੇ ਗਏ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਦੱਖਣ ਤੋਂ ਲੰਘ ਰਹੇ ਤੂਫ਼ਾਨ ਡੋਰਾ ਕਾਰਨ ਜੰਗਲਾਂ 'ਚ ਲੱਗੀ ਅੱਗ ਭੜਕ ਗਈ, ਜਿਸ ਨਾਲ ਕਈ ਕਾਰਾਂ ਸੜ ਗਈਆਂ ਅਤੇ ਕਈ ਇਤਿਹਾਸਕ ਇਮਾਰਤਾਂ ਮਲਬੇ ਦੇ ਢੇਰ 'ਚ ਤਬਦੀਲ ਹੋ ਗਈਆਂ। ਇਸ ਵਿਚ ਦੱਸਿਆ ਗਿਆ ਹੈ ਕਿ ਅੱਗ ਦੀਆਂ ਲਪਟਾਂ ਰਾਤ ਭਰ ਉੱਠਦੀਆਂ ਰਹੀਆਂ, ਜਿਸ ਤੋਂ ਜਾਨ ਬਚਾਉਣ ਲਈ ਬੱਚਿਆਂ ਅਤੇ ਬਾਲਗਾਂ ਨੂੰ ਸਮੁੰਦਰ ਵਿਚ ਜਾਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਅੱਗ ਕਾਰਨ 271 ਢਾਂਚੇ ਨੁਕਸਾਨੇ ਗਏ ਜਾਂ ਨਸ਼ਟ ਹੋ ਗਏ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਕੀ ਫੇਸਬੁੱਕ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਪੈਂਦਾ ਹੈ ਮਾੜਾ ਪ੍ਰਭਾਵ? ਜਾਣੋ ਕੀ ਕਹਿੰਦੈ ਅਧਿਐਨ
ਉਥੇ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਦੇ ਮਾਉਈ ਟਾਪੂ ‘ਤੇ ਜੰਗਲਾਂ ਵਿਚ ਲੱਗੀ ਅੱਗ ਨਾਲ ਨਜਿੱਠਣ ਲਈ “ਸਾਰੇ ਉਪਲਬਧ ਸੰਘੀ ਸਰੋਤਾਂ” ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਤੱਟ ਰੱਖਿਅਕ ਅਤੇ ਜਲ ਸੈਨਾ ਵੀ ਬਚਾਅ ਕਾਰਜ 'ਚ ਮਦਦ ਕਰ ਰਹੀ ਹੈ। ਅੱਗ ਨਾਲ ਨਜਿੱਠਣ ਲਈ ਜਲ ਸੈਨਾ ਵੱਲੋਂ ਬਲੈਕ ਹਾਕ ਹੈਲੀਕਾਪਟਰ ਮੁਹੱਈਆ ਕਰਵਾਏ ਗਏ ਹਨ, ਜਦਕਿ ਹਵਾਈ ਨੈਸ਼ਨਲ ਗਾਰਡ ਨੇ ਅੱਗ ਬੁਝਾਉਣ ਅਤੇ ਖੋਜ ਅਤੇ ਬਚਾਅ ਕਾਰਜਾਂ ਲਈ ਚਿਨੂਕ ਹੈਲੀਕਾਪਟਰ ਤਾਇਨਾਤ ਕੀਤੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8