ਅਫਗਾਨਿਸਤਾਨ ’ਚ ਵੱਖ-ਵੱਖ ਹਾਦਸਿਆਂ ’ਚ 20 ਲੋਕਾਂ ਦੀ ਮੌਤ
Saturday, Jul 31, 2021 - 05:48 PM (IST)
ਕਾਬੁਲ (ਭਾਸ਼ਾ) : ਅਫਗਾਨਿਸਤਾਨ ਦੇ ਪੂਰਬੀ ਖੇਤਰ ਵਿਚ ਵੱਖ-ਵੱਖ ਹਾਦਸਿਆਂ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਇਕ ਸੂਬਾਈ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰਤ ਬੁਲਾਰੇ ਅਸਦੁੱਲਾ ਦੌਲਤਜ਼ਈ ਨੇ ਦੱਸਿਆ ਕਿ ਦੋਵੇਂ ਹਾਦਸੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਪੂਰਬੀ ਨੰਗਰਹਾਰ ਸੂਬੇ ਨੂੰ ਜੋੜਨ ਵਾਲੇ ਮੁੱਖ ਹਾਈਵੇ ਨੇੜੇ ਵਾਪਰੇ।
ਉਨ੍ਹਾਂ ਦੱਸਿਆ ਕਿ ਕਰਘਈ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ 2 ਵਾਹਨਾਂ ਦੀ ਟੱਕਰ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ ਅਤੇ ਉਸੇ ਇਲਾਕੇ ਵਿਚ ਦੇਰ ਰਾਤ ਹਾਈਵੇ ’ਤੇ ਵਾਪਰੇ ਇਕ ਹੋਰ ਹਾਦਸੇ ਵਿਚ ਇਕ ਮਿੰਨੀ ਬੱਸ ਅਤੇ ਕਾਰ ਦੀ ਟੱਕਰ ਵਿਚ 8 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋ ਜ਼ਖ਼ਮੀ ਹੋ ਗਏ। ਦੌਲਤਜ਼ਈ ਨੇ ਕਿਹਾ ਕਿ ਜ਼ਖ਼ਮੀਆਂ ਵਿਚ ਬੱਚੇ ਵੀ ਸ਼ਾਮਲ ਹਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਬੱਚੇ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਇਲਾਜ਼ ਲਈ ਲਗਮਨ ਅਤੇ ਨੰਗਰਹਾਰ ਸੂਬੇ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।