'ਆਸ਼ਕ' ਤੋਂ 'ਕਾਤਲ' ਬਣਿਆ ਵਿਦਿਆਰਥੀ, ਅੱਤਵਾਦੀਆਂ ਵਾਂਗ ਕੀਤਾ ਸਕੂਲ 'ਤੇ ਹਮਲਾ

02/15/2018 3:17:21 PM

ਵਾਸ਼ਿੰਗਟਨ— ਅਮਰੀਕਾ ਦੇ ਸੂਬੇ ਫਲੋਰਿਡਾ ਦੇ ਹਾਈ ਸਕੂਲ 'ਚ ਇਕ ਸਾਬਕਾ ਵਿਦਿਆਰਥੀ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ 'ਚ ਕਈ ਵਿਦਿਆਰਥੀਆਂ ਸਮੇਤ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਕਰਨ ਵਾਲੇ ਸ਼ੱਕੀ ਨਿਕੋਲਸ ਕਰੂਜ਼ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਨੂੰ ਸਥਾਨਕ ਸਮੇਂ ਮੁਤਾਬਕ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਐੱਫ.ਬੀ.ਆਈ. ਅਤੇ ਸਥਾਨਕ ਅਧਿਕਾਰੀ ਕਰ ਰਹੇ ਹਨ। 
ਨਿਕੋਲਸ ਕਰੂਜ਼ ਨਾਂ ਦੇ ਇਸ ਕਾਤਲ ਵਿਦਿਆਰਥੀ ਨੇ ਆਪਣੇ ਪਾਗਲਪਨ 'ਚ ਕਈ ਘਰਾਂ ਦੇ ਦੀਵੇ ਬੁਝਾ ਦਿੱਤੇ। ਨਿਕੋਲਸ ਦੀ ਗਣਿਤ ਦੀ ਅਧਿਆਪਕਾ ਰਹਿ ਚੁੱਕੀ ਜਿਮ ਗੈਰਡ ਨੇ ਕਿਹਾ ਕਿ ਉਹ ਉਸ ਕੋਲ 2016 'ਚ ਪੜ੍ਹਦਾ ਸੀ। ਉਸ ਨੇ ਕਿਹਾ ਕਿ ਉਸ ਸਮੇਂ ਉਹ ਬਹੁਤ ਸ਼ਾਂਤ ਵਿਦਿਆਰਥੀ ਸੀ। ਉਹ ਕਿਸੇ ਕੁੜੀ ਨੂੰ ਇਕ ਪਾਸੜ ਪਿਆਰ ਕਰਦਾ ਸੀ ਅਤੇ ਕਈ ਵਾਰ ਉਸ ਦਾ ਪਿੱਛਾ ਵੀ ਕਰਦਾ ਸੀ ਪਰ ਉਸ ਸਮੇਂ ਉਸ ਨੂੰ ਦੇਖ ਕੇ ਕੋਈ ਨਹੀਂ ਸੋਚ ਸਕਦਾ ਸੀ ਕਿ ਇਹ ਆਸ਼ਕ ਇਕ ਕਾਤਲ ਬਣ ਜਾਵੇਗਾ। ਉਸ ਨੇ ਅੱਤਵਾਦੀਆਂ ਵਾਂਗ ਗੈਸ ਮਾਸਕ ਪਹਿਨ ਕੇ ਸਕੂਲ 'ਚ ਗੋਲੀਬਾਰੀ ਕੀਤੀ। ਪਹਿਲਾਂ ਉਸ ਨੇ ਸਕੂਲ 'ਚ ਐਮਰਜੈਂਸੀ ਅਲਾਰਮ ਵਜਾਇਆ ਜਿਸ ਕਾਰਨ ਵਿਦਿਆਰਥੀ ਤੇ ਅਧਿਆਪਕ ਬਾਹਰ ਆਉਣ ਲੱਗ ਗਏ। ਇਸੇ ਸਮੇਂ ਉਸ ਨੇ ਪਾਗਲਾਂ ਵਾਂਗ ਚੀਕਦੇ ਹੋਇਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ 40 ਤੋਂ ਵਧੇਰੇ ਵਾਰ ਗੋਲੀਆਂ ਚਲਾਈਆਂ। 
PunjabKesariਇਕ ਪੱਤਰਕਾਰ ਸੰਮੇਲਨ 'ਚ ਬ੍ਰੋਵਾਰਡ ਕਾਊਂਟੀ (ਪੁਲਸ ਅਧਿਕਾਰੀ) ਸ਼ੇਰਿਫ ਇਜ਼ਰਾਇਲ ਨੇ ਕਿਹਾ,''ਨਿਕੋਲਸ ਕਰੂਜ਼ ਕਾਤਲ ਹੈ। ਉਹ ਹਿਰਾਸਤ 'ਚ ਹੈ। ਅਸੀਂ ਉਸ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਦੀ ਛਾਣ-ਬੀਣ ਸ਼ੁਰੂ ਕਰ ਦਿੱਤੀ ਹੈ...ਕੁੱਝ ਗੱਲਾਂ ਜੋ ਦਿਮਾਗ 'ਚ ਆ ਰਹੀਆਂ ਹਨ, ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ।''
ਫਲੋਰਿਡਾ ਦੇ ਸ਼ਹਿਰ ਪਾਰਕਲੈਂਡ ਨੂੰ 2016 'ਚ ਸਭ ਤੋਂ ਸੁਰੱਖਿਅਤ ਸ਼ਹਿਰ ਕਿਹਾ ਗਿਆ ਸੀ, ਜਿੱਥੇ ਇਹ ਗੋਲੀਬਾਰੀ ਹੋਈ ਹੈ। ਜਿਵੇਂ ਹੀ ਗੋਲੀਬਾਰੀ ਦੀ ਖਬਰ ਮਿਲੀ ਉਸ ਸਮੇਂ ਲੋਕ ਸਕੂਲ ਦੇ ਬਾਹਰ ਇਕੱਠੇ ਹੋ ਗਏ। ਵਿਦਿਆਰਥੀਆਂ ਅਤੇ ਸਟਾਫ ਵਾਲਿਆਂ ਦੇ ਮਾਂ-ਬਾਪ ਤੇ ਪਰਿਵਾਰ ਵਾਲੇ ਸਕੂਲ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ ਕਿ ਸਭ ਸੁਰੱਖਿਅਤ ਹੋਣ।
ਸਕੂਲ ਦੀ ਇਕ ਅਧਿਆਪਕਾ ਮਿਲੇਸਾ ਫਾਲਕੋਵਸਕੀ ਨੇ ਕਿਹਾ,''ਗੋਲੀਆਂ ਦੀ ਆਵਾਜ਼ ਸੁਣ ਕੇ ਮੈਂ ਇਕ ਕਲਾਸ 'ਚ ਆਪਣੇ ਨਾਲ ਹੋਰ 19 ਵਿਦਿਆਰਥੀਆਂ ਨੂੰ ਲੈ ਕੇ ਛੁਪੀ ਰਹੀ। ਅਸੀਂ ਲੱਗਭਗ 40 ਮਿੰਟਾਂ ਤਕ ਉੱਥੇ ਹੀ ਰਹੇ।'' ਉਸ ਨੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਡੀ ਸਰਕਾਰ ਅਤੇ ਸਾਡਾ ਦੇਸ਼ ਸਾਨੂੰ ਸੁਰੱਖਿਅਤ ਨਹੀਂ ਰੱਖ ਸਕਿਆ। ਉਸ ਨੇ ਕਿਹਾ ਕਿ ਹਰ ਇਕ ਬੱਚਾ ਡਰਿਆ ਹੋਇਆ ਹੈ। 

PunjabKesari19 ਸਾਲਾ ਨਿਕੋਲਸ ਕਰੂਜ਼ ਪਾਰਕਲੈਂਡ 'ਚ ਸਥਿਤ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਦਾ ਸਾਬਕਾ ਵਿਦਿਆਰਥੀ ਹੈ। ਗੋਲੀਬਾਰੀ ਦੀ ਘਟਨਾ ਇਸ ਸਕੂਲ 'ਚ ਹੋਈ ਹੈ । ਇਜ਼ਰਾਇਲ ਦਾ ਕਹਿਣਾ ਹੈ,''ਨਿਕੋਲਸ ਕਰੂਜ਼ ਨੂੰ ਅਨੁਸ਼ਾਸਨ ਨਾ ਰੱਖਣ ਕਾਰਨ ਸਕੂਲ 'ਚੋਂ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੱਕੀ ਕੋਲ ਕਾਫੀ ਗਿਣਤੀ 'ਚ ਰਾਈਫਲ ਦੀ ਮੈਗਜ਼ੀਨ ਮੌਜੂਦ ਸੀ। ਸ਼ੈਰਿਫ ਨੇ ਕਿਹਾ,''ਅਜੇ ਤਕ ਸਾਡਾ ਮੰਨਣਾ ਹੈ ਕਿ ਉਸ ਕੋਲ ਏਅਰ-15 ਰਾਈਫਲ ਸੀ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਕੋਲ ਦੂਜੀ ਰਾਇਫਲ ਸੀ ਜਾਂ ਨਹੀਂ।'' ਸ਼ੱਕੀ ਨੂੰ ਇਲਾਜ ਮਗਰੋਂ ਪੁਲਸ ਕੋਲ ਭੇਜ ਦਿੱਤਾ ਗਿਆ ਹੈ। ਘਟਨਾ 'ਚ ਘੱਟ ਤੋਂ ਘੱਟ 17 ਲੋਕ ਮਾਰੇ ਗਏ ਹਨ। ਸਕੂਲ ਦੀ ਇਮਾਰਤ ਦੇ ਅੰਦਰ 12 ਲੋਕਾਂ ਦੀ, ਇਮਾਰਤ ਦੇ ਬਾਹਰ 2 ਲੋਕਾਂ ਦੀ ਅਤੇ ਸਕੂਲ ਦੇ ਬਾਹਰ ਸੜਕ 'ਤੇ ਇਕ ਵਿਅਕਤੀ ਦੀ ਗੋਲੀਬਾਰੀ 'ਚ ਮੌਤ ਹੋਈ ਜਦ ਕਿ ਹੋਰ ਦੋ ਵਿਅਕਤੀਆਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਜ਼ਰਾਇਲ ਨੇ ਅਜੇ ਮ੍ਰਿਤਕਾਂ 'ਚ ਵਿਦਿਆਰਥੀਆਂ ਦੀ ਗਿਣਤੀ ਨਹੀਂ ਦੱਸੀ ਹੈ। ਸਕੂਲ 'ਚ ਵੱਡੀ ਗਿਣਤੀ 'ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਵਿਦਿਆਰਥੀ ਹਨ । ਸਕੂਲ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ।


Related News