ਨੇਪਾਲ ''ਚ ਹੜ੍ਹ ਕਾਰਣ 11 ਲੋਕਾਂ ਦੀ ਮੌਤ, 36 ਲਾਪਤਾ
Thursday, Sep 03, 2020 - 07:06 PM (IST)
ਕਾਠਮੰਡੂ(ਇੰਟ.)- ਨੇਪਾਲ ਦੇ ਪੱਛਮੀ ਬਾਗਲੂੰਗ ਜ਼ਿਲੇ ਵਿਚ ਧੂਰਪਟਨ ਨਗਰਪਾਲਿਕਾ ਵਿਖੇ ਬੁੱਧਵਾਰ ਦੀ ਰਾਤ ਨੂੰ ਭਾਰੀ ਹੜ੍ਹ ਕਾਰਣ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ 36 ਲਾਪਤਾ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਜ਼ਿਲਾ ਪ੍ਰਸ਼ਾਸਨ ਦਫਤਰ, ਬਾਗਲੂੰਗ ਦੇ ਮੁੱਖ ਜ਼ਿਲਾ ਅਧਿਕਾਰੀ ਸੁਰੇਸ਼ ਨੁਪੇਨੇ ਨੇ ਵੀਰਵਾਰ ਨੂੰ ਕਿਹਾ ਕਿ ਮੂਸਲਾਧਾਰ ਮੀਂਹ ਕਾਰਨ ਆਏ ਹੜ੍ਹ ਨਾਲ ਕਈ ਬਸਤੀਆਂ ਜੋ ਨਦੀਆਂ ਦੇ ਕਿਨਾਰੇ 'ਤੇ ਸਨ ਵਹਿ ਗਈਆਂ ਤੇ ਇਸ ਕਾਰਣ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਅਧਿਕਾਰੀ ਮੁਤਾਬਕ ਸਥਾਨਕ ਲੋਕ ਤੇ ਸੁਰੱਖਿਆ ਕਰਮਚਾਰੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਹਾਲਾਂਕਿ ਵੀਰਵਾਰ ਦੁਪਹਿਰ ਤੱਕ ਜਾਰੀ ਮੀਂਹ ਨੇ ਬਚਾਅ ਕਾਰਜਾਂ ਵਿਚ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਹੜ੍ਹ ਕਾਰਣ ਕਈ ਸਰਕਾਰੀ ਤੇ ਨਿੱਜੀ ਜਾਇਦਾਦਾਂ ਨੁਕਸਾਨੀਆਂ ਗਈਆਂ ਹਨ।
ਧੋਰਪਟਨ ਨਗਰ ਪਾਲਿਕਾ ਦੇ ਮੇਅਰ ਦੇਵ ਕੁਮਾਰ ਨੇਪਾਲੀ ਨੇ ਵੀਰਵਾਰ ਨੂੰ ਕਿਹਾ ਕਿ ਹੜ੍ਹ ਕਾਰਾਣ 130 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਮੁਤਾਬਕ ਹੜ੍ਹ ਤੇ ਜ਼ਮੀਨ ਖਿਸਕਣ ਕਾਰਣ ਇਲਾਕੇ ਦੀਆਂ ਕਈ ਸੜਕਾਂ, ਪੁਲ, ਛੋਟੇ ਪਣ-ਬਿਜਲੀ ਪ੍ਰਾਜੈਕਟ ਅਤੇ ਪੀਣ ਵਾਲੇ ਪਾਣੀ ਦੀਆਂ ਥਾਵਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਨਤੀਜੇ ਵਜੋਂ, ਖੇਤਰ ਦੀ ਆਵਾਜਾਈ ਸੇਵਾ, ਜੋ ਕਿ ਜ਼ਿਲਾ ਬਾਗਲੂੰਗ ਦੇ ਜ਼ਿਲਾ ਹੈੱਡਕੁਆਰਟਰ ਤੋਂ ਲਗਭਗ 130 ਕਿਲੋਮੀਟਰ ਦੀ ਦੂਰੀ 'ਤੇ ਹੈ, ਪੂਰੀ ਤਰ੍ਹਾਂ ਠੱਪ ਹੋ ਗਈ ਹੈ।