14 ਸਾਲਾ ਭਾਰਤੀ ਮੂਲ ਦੇ ਆਸ਼੍ਰਿਤ ਤੱਲੂਰੀ ਨੇ ਬਣਾਇਆ ਰਿਕਾਰਡ, SAT ਪ੍ਰੀਖਿਆ 'ਚ ਹਾਸਲ ਕੀਤੇ ਪੂਰੇ 1600 ਅੰਕ
Tuesday, Sep 29, 2026 - 06:28 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਜਾਰਜੀਆ 'ਚ ਫੁਲਟਨ ਕਾਊਂਟੀ ਦੀ 'ਇਨੋਵੇਸ਼ਨ ਅਕੈਡਮੀ' ਦੇ 9ਵੀਂ ਜਮਾਤ ਦੇ 14 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਆਸ਼੍ਰਿਤ ਤੱਲੂਰੀ ਨੇ SAT ਪ੍ਰੀਖਿਆ ਵਿੱਚ 1600 ਵਿੱਚੋਂ ਪੂਰੇ 1600 ਅੰਕ ਪ੍ਰਾਪਤ ਕਰਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਸ ਨੇ ਗਣਿਤ ਅਤੇ ਰੀਡਿੰਗ ਐਂਡ ਰਾਈਟਿੰਗ ਦੋਵਾਂ ਵਿਭਾਗਾਂ ਵਿੱਚ ਬਿਨਾਂ ਕੋਈ ਅੰਕ ਗੁਆਏ ਪੂਰੇ ਅੰਕ ਹਾਸਲ ਕੀਤੇ ਹਨ।
ਆਸ਼੍ਰਿਤ ਨੇ ਜਨਵਰੀ 2026 ਵਿੱਚ ਪ੍ਰੀਖਿਆ ਲਈ ਅਪਲਾਈ ਕਰਨ ਤੋਂ ਬਾਅਦ ਲਗਾਤਾਰ 5 ਮਹੀਨੇ ਤਿਆਰੀ ਕੀਤੀ ਅਤੇ ਜੂਨ 2026 ਵਿੱਚ ਇਹ ਪ੍ਰੀਖਿਆ ਦਿੱਤੀ। ਇਸ ਦੌਰਾਨ ਉਸ ਨੇ ਇੱਕ ਟਿਊਟਰ ਨਾਲ ਕੰਮ ਕੀਤਾ, ਯੂ-ਟਿਊਬ ਵੀਡੀਓਜ਼ ਤੇ ਆਨਲਾਈਨ ਸਮੱਗਰੀ ਦੀ ਮਦਦ ਲਈ ਤੇ ਦੋ ਡਜ਼ਨ ਤੋਂ ਵੱਧ ਅਭਿਆਸ ਪੇਪਰ ਪੂਰੇ ਕੀਤੇੋ। ਅਸਲ ਪ੍ਰੀਖਿਆ ਤੋਂ ਪਹਿਲਾਂ ਵੀ ਉਸ ਨੇ ਤਿੰਨ ਅਭਿਆਸ ਟੈਸਟਾਂ ਵਿੱਚ 1600 ਅੰਕ ਪ੍ਰਾਪਤ ਕੀਤੇ ਸਨ। ਪ੍ਰੀਖਿਆ ਦੌਰਾਨ ਰੀਡਿੰਗ ਅਤੇ ਰਾਈਟਿੰਗ ਭਾਗ ਵੇਲੇ ਘਬਰਾਹਟ ਹੋਣ 'ਤੇ ਉਸ ਨੇ ਡੂੰਘੇ ਸਾਹ ਲੈ ਕੇ ਆਪਣੇ ਆਪ ਨੂੰ ਸ਼ਾਂਤ ਰੱਖਿਆ।
ਉਸ ਦੀ ਅਕਾਦਮਿਕ ਯਾਤਰਾ ਆਮ ਸਕੂਲੀ ਪੜ੍ਹਾਈ ਤੋਂ ਕਾਫ਼ੀ ਅੱਗੇ ਰਹੀ ਹੈ; ਉਸ ਨੇ ਮਿਡਲ ਸਕੂਲ ਦੌਰਾਨ ਹੀ 14.5 ਹਾਈ ਸਕੂਲ ਕ੍ਰੈਡਿਟ ਪੂਰੇ ਕਰ ਲਏ ਸਨ ਅਤੇ ਹਾਰਵਰਡ ਤੇ ਰਾਈਸ ਯੂਨੀਵਰਸਿਟੀਆਂ ਵਿੱਚ ਕਾਲਜ ਪੱਧਰ ਦੇ ਸਮਰ ਪ੍ਰੋਗਰਾਮਾਂ ਵਿੱਚ ਭਾਗ ਲਿਆ ਸੀ। ਵਰਤਮਾਨ ਵਿੱਚ ਉਹ 'ਡਿਊਲ ਐਨਰੋਲਮੈਂਟ' ਰਾਹੀਂ ਕਾਲਜ ਪੱਧਰ ਦੇ ਦੋ ਕੋਰਸ ਵੀ ਕਰ ਰਿਹਾ ਹੈ।
ਪੜ੍ਹਾਈ ਤੋਂ ਇਲਾਵਾ ਉਸ ਦੀ ਰੁਚੀ ਸ਼ਤਰੰਜ ਖੇਡਣ, ਹਵਾਨੌਬਾਜ਼ੀ ਅਤੇ ਐਟਲਾਂਟਾ ਵਿੱਚ ਹੈਕਾਥੌਨਾਂ ਵਿੱਚ ਹਿੱਸਾ ਲੈਣ ਵਿੱਚ ਹੈ। ਇਸ ਤੋਂ ਇਲਾਵਾ ਉਸ ਦੀਆਂ ਰੁਚੀਆਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਕੰਪਿਊਟਰ ਸਾਇੰਸ, ਮੈਡੀਸਨ ਅਤੇ ਰਿਸਰਚ ਸ਼ਾਮਲ ਹਨ। ਆਸ਼੍ਰਿਤ ਹੋਰਨਾਂ ਵਿਦਿਆਰਥੀਆਂ ਦੀ ਮਦਦ ਲਈ SAT ਅਭਿਆਸ ਪ੍ਰਸ਼ਨ ਲਿਖਦਾ ਹੈ ਅਤੇ ਤਿਆਰੀ ਲਈ AI-ਅਧਾਰਿਤ ਪਲੇਟਫਾਰਮ 'The1550Formula' ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾ ਰਿਹਾ ਹੈ। ਉਹ ਭਵਿੱਖ ਵਿੱਚ ਮੈਡੀਸਨ, ਨਿਊਰੋਸਾਇੰਸ ਅਤੇ ਤਕਨਾਲੋਜੀ ਨੂੰ ਜੋੜ ਕੇ ਇੱਕ ਨਿਊਰੋਸਰਜਨ ਬਣਨਾ ਚਾਹੁੰਦਾ ਹੈ।
ਆਸ਼੍ਰਿਤ ਨੇ ਹੈਲਥਕੇਅਰ, ਖੇਤੀਬਾੜੀ, ਸਰਕਾਰੀ ਤਕਨਾਲੋਜੀ ਅਤੇ AI ਸੁਰੱਖਿਆ ਨਾਲ ਸਬੰਧਤ ਕਈ AI ਪਲੇਟਫਾਰਮ (ਜਿਵੇਂ HealthLens, AI-Namo, GreenGuide, CerebroAegis, Vexen) ਵੀ ਬਣਾਏ ਹਨ, ਜਿਨ੍ਹਾਂ ਦੀ ਵਰਤੋਂ 1 ਲੱਖ ਤੋਂ ਵੱਧ ਯੂਜ਼ਰ ਕਰ ਰਹੇ ਹਨ। ਆਸ਼੍ਰਿਤ ਦੇ ਪਰਿਵਾਰ ਦੀਆਂ ਜੜ੍ਹਾਂ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਤੇਨਾਲੀ ਨਾਲ ਜੁੜੀਆਂ ਹੋਈਆਂ ਹਨ ਅਤੇ ਉਸ ਦੇ ਮਾਤਾ-ਪਿਤਾ, ਤਰੁਣੀ ਅਤੇ ਰਮਨਾਰੇਸ਼ ਸਾਲ 2008 ਵਿੱਚ ਅਮਰੀਕਾ ਜਾ ਕੇ ਜਾਰਜੀਆ ਵਿੱਚ ਵੱਸ ਗਏ ਸਨ। ਜ਼ਿਕਰਯੋਗ ਹੈ ਕਿ SAT (Scholastic Assessment Test) ਇੱਕ ਅੰਤਰਰਾਸ਼ਟਰੀ ਪੱਧਰ ਦੀ ਮਿਆਰੀ ਪ੍ਰੀਖਿਆ ਹੈ, ਜੋ ਮੁੱਖ ਤੌਰ 'ਤੇ ਅਮਰੀਕਾ (USA), ਕੈਨੇਡਾ ਤੇ ਹੋਰ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਲਈ ਦਿੱਤੀ ਜਾਂਦੀ ਹੈ। ਇਸ ਪ੍ਰੀਖਿਆ ਦਾ ਸੰਚਾਲਨ College Board ਨਾਮਕ ਸੰਸਥਾ ਵੱਲੋਂ ਕੀਤਾ ਜਾਂਦਾ ਹੈ।
