ਜੇਲ ਤੋਂ ਡਰੇ ਨੀਰਵ ਮੋਦੀ ਨੇ ਮਾਨਸਿਕ ਸਿਹਤ ਤੋਂ ਬਾਅਦ ਹੁਣ ਚੂਹਿਆਂ ਦਾ ਬਣਾਇਆ ਬਹਾਨਾ

05/15/2020 11:27:40 AM

ਲੰਡਨ- ਬੈਂਕਾਂ ਦੇ ਨਾਲ ਧੋਖਾਧੜੀ ਮਾਮਲੇ ਵਿਚ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ 'ਤੇ ਲੰਡਨ ਦੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ। ਨੀਰਵ ਮੋਦੀ ਦੇ ਵਕੀਲ ਨੇ ਪਹਿਲਾਂ ਉਸ ਦੀ ਮਾਨਸਿਕ ਸਿਹਤ ਦਾ ਬਹਾਨਾ ਬਣਾਉਂਦੇ ਹੋਏ ਮੁੰਬਈ ਦੀ ਆਰਥਰ ਰੋਡ ਜੇਲ ਵਿਚ ਮਾਨਸਿਕ ਰੋਗਾਂ ਦੇ ਡਾਕਟਰ ਨਾ ਹੋਣ ਦੀ ਦਲੀਲ ਦਿੱਤੀ ਸੀ। ਹੁਣ ਨਵਾਂ ਪੈਤਰਾ ਅਪਣਾਉਂਦੇ ਹੋਏ ਨੀਰਵ ਦੇ ਵਕੀਲ ਨੇ ਆਰਥਰ ਰੋਡ ਜੇਲ ਦੇ ਚੂਹਿਆਂ ਨਾਲ ਪ੍ਰਭਾਵਿਤ ਹੋਣ ਦੀ ਦਲੀਲ ਦਿੱਤੀ ਹੈ।

ਸੁਣਵਾਈ ਦੌਰਾਨ ਨੀਰਵ ਮੋਦੀ ਦੇ ਵਕੀਲ ਨੇ ਕੋਰਟ ਵਿਚ ਕਿਹਾ ਕਿ ਮੁੰਬਈ ਦੀ ਆਰਥਰ ਜੇਲ ਵਿਚ ਚੂਹੇ ਤੇ ਕੀੜੇ ਜ਼ਿਆਦਾ ਹਨ। ਕੈਦੀਆਂ ਦੇ ਲਈ ਕੋਈ ਨਿੱਜਤਾ ਨਹੀਂ ਹੈ। ਨੀਰਵ ਦੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਉਸ ਨੂੰ ਆਰਥਰ ਰੋਡ ਜੇਲ ਵਿਚ ਰੱਖਿਆ ਗਿਆ ਤਾਂ ਉਸ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਵੇਗਾ। ਵਕੀਲ ਨੇ ਦਲੀਲ ਦਿੱਤੀ ਕਿ ਜੇਲ ਭਵਨ ਵਿਚ ਨਾਲੀਆਂ ਹਨ ਤੇ ਨੇੜੇ ਝੁੱਗੀ ਬਸਤੀ ਵੀ ਹੈ, ਜਿਥੇ ਬਹੁਤ ਰੌਲਾ ਹੁੰਦਾ ਹੈ।

ਭਾਰਤੀ ਏਜੰਸੀਆਂ ਵਲੋਂ ਕਿਹਾ ਗਿਆ ਹੈ ਕਿ ਨੀਰਵ ਮੋਦੀ ਨੂੰ ਹਵਾਲਗੀ ਤੋਂ ਬਾਅਦ ਆਰਥਰ ਜੇਲ ਦੀ ਬੈਰਕ ਨੰਬਰ 12 ਵਿਚ ਰੱਖਿਆ ਜਾਵੇਗਾ। ਇਸ ਨੂੰ ਵਿਸ਼ੇਸ਼ ਰੂਪ ਨਾਲ ਆਰਥਿਕ ਅਪਰਾਧ ਨਾਲ ਜੁੜੇ ਅਪਰਾਧੀਆਂ ਲਈ ਬਣਾਇਆ ਗਿਆ ਹੈ। ਭਾਰਤੀ ਏਜੰਸੀਆਂ ਵਲੋਂ ਆਰਥਰ ਰੋਡ ਜੇਲ ਦੀ ਇਕ ਵੀਡੀਓ ਵੀ ਅਦਾਲਤ ਵਿਚ ਪੇਸ਼ ਕੀਤੀ ਗਈ ਸੀ, ਜਿਸ ਵਿਚ ਚੂਹੇ ਨਜ਼ਰ ਨਹੀਂ ਆ ਰਹੇ। ਬੈਰਕ ਦੇ ਕੋਲ ਕੋਈ ਖੁੱਲ੍ਹਿਆ ਨਾਲਾ ਵੀ ਨਹੀਂ ਹੈ। ਬੈਰਕ ਵਿਚ ਹਰੇਕ ਕੈਦੀ ਦੇ ਲਈ ਭਰਪੂਰ ਸਥਾਨ ਵੀ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਕ੍ਰਾਊਨ ਪ੍ਰਾਸੀਕਿਊਸ਼ਨ ਸਰਵਿਸ ਨੂੰ ਆਰਥਰ ਰੋਡ ਜੇਲ ਨੂੰ ਲੈ ਕੇ ਤਾਜ਼ਾ ਰਿਪੋਰਟ ਦੇਣ ਲਈ ਕਿਹਾ ਹੈ। ਆਰਥਰ ਰੋਡ ਜੇਲ ਦੀ ਇਸ ਰਿਪੋਰਟ ਨੂੰ ਸਤੰਬਰ ਵਿਚ ਸੁਣਵਾਈ ਦੌਰਾਨ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਕੀਲ ਨੇ ਕਿਹਾ ਸੀ ਕਿ ਨੀਰਵ ਮੋਦੀ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ।

ਨੀਰਵ ਮੋਦੀ ਦੇ ਵਕੀਲ ਨੇ ਹਵਾਲਗੀ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਮੁੰਬਈ ਦੀ ਆਰਥਰ ਰੋਡ ਜੇਲ ਵਿਚ ਮਾਨਸਿਕ ਰੋਗਾਂ ਦੇ ਡਾਕਟਰ ਨਹੀਂ ਹਨ। ਦੱਸ ਦਈਏ ਕਿ ਨੀਰਵ ਮੋਦੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦੇ ਹਨ। ਉਹਨਾਂ ਦੀ ਬ੍ਰਿਟੇਨ ਤੋਂ ਹਵਾਲਗੀ ਮਾਮਲੇ ਵਿਚ ਲੰਡਨ ਦੀ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ।


Baljit Singh

Content Editor

Related News