ਕੈਰੋਲਿਨਾ ''ਚ 12 ਸਾਲਾ ਬੱਚੇ ਨੇ ਹਥਿਆਰਬੰਦ ਲੁਟੇਰੇ ਦਾ ਕੀਤਾ ਕਤਲ

Monday, Feb 15, 2021 - 09:45 AM (IST)

ਕੈਰੋਲਿਨਾ ''ਚ 12 ਸਾਲਾ ਬੱਚੇ ਨੇ ਹਥਿਆਰਬੰਦ ਲੁਟੇਰੇ ਦਾ ਕੀਤਾ ਕਤਲ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਉੱਤਰੀ ਕੈਰੋਲਿਨਾ ਵਿਚ ਇਕ 12 ਸਾਲਾ ਬੱਚੇ ਨੇ ਸ਼ਨੀਵਾਰ ਦੀ ਸਵੇਰ ਲੁੱਟ ਕਰਨ ਆਏ ਇਕ ਹਥਿਆਰਬੰਦ ਘੁਸਪੈਠੀਏ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਸੰਬੰਧੀ ਗੋਲਡਸਬਰੋ ਪੁਲਸ ਵਿਭਾਗ ਅਨੁਸਾਰ, ਵਾਰਦਾਤ ਦੌਰਾਨ ਨਕਾਬਪੋਸ਼ ਘੁਸਪੈਠੀਏ ਵਲੋਂ ਅਪਾਰਟਮੈਂਟ ਦੀ ਰਹਿਣ ਵਾਲੇ ਇਕ ਬਜ਼ੁਰਗ ਨੂੰ ਵੀ ਗੋਲੀ ਮਾਰੀ ਗਈ ਸੀ। ਪੁਲਸ ਅਧਿਕਾਰੀਆਂ ਨੇ ਸਵੇਰੇ 1 ਵਜੇ ਤੋਂ ਪਹਿਲਾਂ ਅਪਾਰਟਮੈਂਟ ਵਿਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਕਾਰਵਾਈ ਕਰਨ ਦੌਰਾਨ ਇਕ 73 ਸਾਲਾ ਬੀਬੀ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿਚ ਪਾਇਆ। 

ਇਸ ਦੇ ਇਲਾਵਾ ਪੁਲਸ ਅਨੁਸਾਰ ਇਕ ਦੂਜਾ ਵਿਅਕਤੀ ਅਪਾਰਟਮੈਂਟ ਦੇ ਇਕ ਚੌਰਾਹੇ 'ਚ ਜ਼ਖ਼ਮੀ ਹਾਲਤ ਵਿਚ ਮਿਲਿਆ, ਜਿਸ ਦੀ ਪਛਾਣ ਗੋਲਡਸਬਰੋ ਦੇ ਰਹਿਣ ਵਾਲੇ 19 ਸਾਲਾ ਖਲੀਲ ਹੈਰਿੰਗ ਵਜੋਂ ਹੋਈ ਜੋ ਕਿ ਦੋ ਨਕਾਬਪੋਸ਼ ਸ਼ੱਕੀ ਵਿਅਕਤੀਆਂ ਵਿਚੋਂ ਇਕ ਸੀ। ਗੋਲੀਬਾਰੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹੈਰਿੰਗ ਦੀ ਜ਼ਖ਼ਮੀ ਹਾਲਤ ਵਿਚ ਮੌਤ ਹੋ ਗਈ। 

ਅਧਿਕਾਰੀਆਂ ਅਨੁਸਾਰ ਮੁੱਢਲੇ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਨਕਾਬਪੋਸ਼ਾਂ ਨੇ ਅਪਾਰਟਮੈਂਟ ਵਿਚ ਜਾ ਕੇ ਪੈਸੇ ਦੀ ਮੰਗ ਕੀਤੀ ਅਤੇ ਬਜ਼ੁਰਗ ਬੀਬੀ ਨੂੰ ਗੋਲੀ ਮਾਰ ਦਿੱਤੀ। ਇਸ ਦੇ ਇਲਾਵਾ 12 ਸਾਲਾ ਬੱਚਾ, ਜੋ ਕਿ ਅਪਾਰਟਮੈਂਟ ਦਾ ਹੀ ਰਹਿਣ ਵਾਲਾ ਦੱਸਿਆ ਸੀ, ਨੇ ਇਸ ਦੌਰਾਨ ਆਤਮ ਰੱਖਿਆ ਵਿਚ ਸ਼ੱਕੀ ਵਿਅਕਤੀਆਂ 'ਤੇ ਗੋਲੀ ਚਲਾਈ। ਪੁਲਸ ਵਿਭਾਗ ਅਨੁਸਾਰ ਇਸ ਨਾਬਾਲਗ ਖ਼ਿਲਾਫ਼ ਦੋਸ਼ ਲਾਏ ਜਾਣ ਦੀ ਸੰਭਾਵਨਾ ਨਹੀਂ ਹੈ। ਪੁਲਸ ਦੇ ਬੁਲਾਰੇ ਅਨੁਸਾਰ ਵਿਭਾਗ ਮਾਮਲੇ ਬਾਰੇ ਕੋਈ ਵਾਧੂ ਜਾਣਕਾਰੀ ਜਾਰੀ ਨਹੀਂ ਕਰ ਰਿਹਾ ਹੈ ਅਤੇ ਇਸ ਹਥਿਆਰਬੰਦ ਲੁੱਟ ਤੇ ਗੋਲੀਬਾਰੀ ਦੀ ਜਾਂਚ ਚੱਲ ਰਹੀ ਹੈ।


author

Lalita Mam

Content Editor

Related News