ਸਾਲ 2030 ਤੱਕ ਤਕਰੀਬਨ 6 ਕਰੋੜ ਕੁੜੀਆਂ ਦਾ ਖਤਨਾ ਹੋਣ ਦਾ ਖਦਸ਼ਾ
Wednesday, Feb 07, 2018 - 03:32 PM (IST)
ਸੰਯੁਕਤ ਰਾਸ਼ਟਰ (ਏ.ਪੀ.)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਤੇਜ਼ ਨਹੀਂ ਕੀਤੀ ਗਈ ਤਾਂ ਸਾਲ 2030 ਤੱਕ 6 ਕਰੋੜ 80 ਲੱਖ ਕੁੜੀਆਂ ਦਾ ਖਤਨਾ ਹੋ ਸਕਦਾ ਹੈ। ਗੁਟਾਰੇਸ ਨੇ ਕੌਮਾਂਤਰੀ ਖਤਨਾ ਵਿਰੋਧ ਦਿਵਸ ਉੱਤੇ ਇਕ ਬਿਆਨ ਵਿਚ ਆਖਿਆ ਕਿ ਖਤਨੇ ਦੀ ਪ੍ਰਥਾ ਔਰਤਾਂ ਅਤੇ ਕੁੜੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਟਾਪੂਆਂ ਦੇ 30 ਦੇਸ਼ਾਂ ਵਿਚੋਂ 20 ਕਰੋੜ ਤੋਂ ਜ਼ਿਆਦਾ ਔਰਤਾਂ ਅਤੇ ਕੁੜੀਆਂ ਦਾ ਖਤਨਾ ਹੋਇਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦਾ ਕਹਿਣਾ ਹੈ ਕਿ ਹਰ ਸਾਲ 39 ਲੱਖ ਕੁੜੀਆਂ ਦਾ ਖਤਨਾ ਹੁੰਦਾ ਹੈ ਅਤੇ ਇਕ ਅੰਦਾਜ਼ੇ ਮੁਤਾਬਕ ਜੇਕਰ ਤੁਰੰਤ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ ਤਾਂ ਸਾਲ 2030 ਤੱਕ ਇਨ੍ਹਾਂ ਦੀ ਗਿਣਤੀ ਵੱਧ ਕੇ 46 ਲੱਖ ਤੱਕ ਪਹੁੰਚ ਜਾਵੇਗੀ। ਏਜੰਸੀ ਦੇ ਕਾਰਜਕਾਰੀ ਨਿਦੇਸ਼ਕ ਨਤਾਲੀਆ ਕਾਨੇਮ ਨੇ ਸਾਲ 2030 ਤੱਕ ਇਸ ਪ੍ਰਥਾ ਦੇ ਖਾਤਮੇ ਦੇ ਸੰਯੁਕਤ ਰਾਸ਼ਟਰ ਦੇ ਟੀਚੇ ਨੂੰ ਹਾਸਲ ਕਰਨ ਲਈ ਵੱਡੀ ਰਾਜਨੀਤਕ ਇੱਛਾਸ਼ਕਤੀ ਦੀ ਅਪੀਲ ਕੀਤੀ।
