ਟੈਰਿਫ ਦਾ ਡਰ! Apple ਨੇ ਅਮਰੀਕਾ ''ਚ 500 ਬਿਲੀਅਨ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
Tuesday, Feb 25, 2025 - 12:31 PM (IST)

ਨਿਊਯਾਰਕ (ਰਾਜ ਗੋਗਨਾ) - ਦਿੱਗਜ ਕੰਪਨੀ ਐਪਲ ਨੇ ਇੱਕ ਵੱਡਾ ਐਲਾਨ ਕੀਤਾ ਹੈ। ਐਪਲ ਨੇ ਕਿਹਾ ਹੈ ਕਿ ਉਹ ਅਗਲੇ 4 ਸਾਲਾਂ ਵਿੱਚ ਅਮਰੀਕਾ ਵਿੱਚ 500 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ, ਜਿਸ ਨਾਲ ਅਮਰੀਕਾ ਵਿੱਚ 20,000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਇਸ ਵਿੱਚ ਹਿਊਸਟਨ ਵਿੱਚ ਇੱਕ ਨਵੀਂ ਸਰਵਰ ਨਿਰਮਾਣ ਸਹੂਲਤ, ਮਿਸ਼ੀਗਨ ਵਿੱਚ ਇੱਕ ਸਪਲਾਇਰ ਅਕੈਡਮੀ ਅਤੇ ਦੇਸ਼ ਵਿੱਚ ਆਪਣੇ ਮੌਜੂਦਾ ਸਪਲਾਇਰਾਂ ਨਾਲ ਵਾਧੂ ਨਿਵੇਸ਼ ਵੀ ਸ਼ਾਮਲ ਹੋਣਗੇ। ਇਹ ਕੰਪਨੀ ਅਮਰੀਕਾ ਵਿੱਚ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਰਵਰ ਵੀ ਤਿਆਰ ਕਰੇਗੀ।
ਦਰਅਸਲ, ਐਪਲ ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਤੋਂ ਬਚਣਾ ਚਾਹੁੰਦਾ ਹੈ, ਕਿਉਂਕਿ ਟਰੰਪ ਨੇ ਚੀਨ ਤੋਂ ਆਉਣ ਵਾਲੇ ਸਮਾਨ 'ਤੇ ਟੈਰਿਫ ਲਗਾਇਆ ਹੈ, ਜੋ ਐਪਲ ਲਈ ਭਾਰੀ ਪੈ ਸਕਦਾ ਹੈ। ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿੱਚ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਦੇ ਵੇਰਵੇ ਹੁਣ ਸਾਹਮਣੇ ਆਏ ਹਨ। ਪਿਛਲੇ ਹਫ਼ਤੇ ਟਿਮ ਕੁੱਕ ਨਾਲ ਮੁਲਾਕਾਤ ਤੋਂ ਬਾਅਦ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ (ਐਪਲ) ਸੈਂਕੜੇ ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਨ, ਕਿਉਂਕਿ ਉਹ ਟੈਰਿਫ ਦਾ ਭੁਗਤਾਨ ਨਹੀਂ ਕਰਨਾ ਚਾਹੁੰਦੇ। ਇੱਥੇ ਦੱਸ ਦੇਈਏ ਕਿ ਐਪਲ ਦੇ ਬਹੁਤ ਸਾਰੇ ਉਤਪਾਦ ਚੀਨ ਵਿੱਚ ਅਸੈਂਬਲ ਕੀਤੇ ਜਾਂਦੇ ਹਨ। ਟਰੰਪ ਨੇ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ 'ਤੇ 10% ਵਾਧੂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਰਾਸ਼ਟਰਪਤੀ ਟਰੰਪ ਨੇ ਆਪਣੀ ਪੋਸਟ ਵਿੱਚ ਐਪਲ ਅਤੇ ਟਿਮ ਕੁੱਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਨਿਵੇਸ਼ ਮੌਜੂਦਾ ਪ੍ਰਣਾਲੀ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8