ਚੂਹਿਆਂ ਅਤੇ ਗੰਦਗੀ ਕਾਰਨ ਬੰਦ ਕੀਤਾ ਗਿਆ ਕੈਨੇਡਾ ਦਾ ''ਆਪਣਾ ਪੰਜਾਬ'' ਰੈਸਤਰਾਂ (ਤਸਵੀਰਾਂ)

05/26/2017 12:19:49 PM

ਕੈਲਗਰੀ— ਕੈਨੇਡਾ ਦੇ ਕੈਲਗਰੀ ਵਿਚ ਸਥਿਤ ਪੰਜਾਬੀਆਂ ਦੇ 'ਆਪਣਾ ਪੰਜਾਬ' ਰੈਸਤਰਾਂ ਨੂੰ ਸਾਫ-ਸਫਾਈ ਦੀ ਅਣਗਹਿਲੀ ਅਤੇ ਭੋਜਨ ਵਿਚ ਚੂਹਿਆਂ ਦੀ ਗੰਦਗੀ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਐਲਬਰਟਾ ਦੇ ਸਿਹਤ ਸੇਵਾ ਵਿਭਾਗ ਨੇ ਦੱਸਿਆ ਕਿ ਇੱਥੇ ਇਕ ਫੂਡ ਕੰਟੇਨਰ ਵਿਚ ਮਰਿਆ ਹੋਇਆ ਚੂਹਾ ਤੱਕ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇੱਥੇ ਬਣਿਆ ਭੋਜਨ ਸਫਾਈ ਦੇ ਮਿਆਰਾਂ 'ਤੇ ਪੂਰਾ ਨਹੀਂ ਉਤਰਦਾ ਅਤੇ ਇਸ ਨਾਲ ਲੋਕਾਂ ਦੇ ਬੀਮਾਰ ਪੈਣ ਦਾ ਖਦਸ਼ਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਰੈਸਤਰਾਂ ਵਿਚ ਚੂਹਿਆਂ ਦੀ ਗਿਣਤੀ ਇੰਨੀਂ ਜ਼ਿਆਦਾ ਹੈ ਕਿ ਇਹ ਭੋਜਨ ਦੇ ਕੰਟੇਨਰਾਂ, ਬਣੇ ਹੋਏ ਭੋਜਨ ਅਤੇ ਫਰਸ਼ 'ਤੇ ਉਨ੍ਹਾਂ ਦੀ ਗੰਦਗੀ ਦਿਖਾਈ ਦਿੰਦੀ ਹੈ। ਸਿਹਤ ਵਿਭਾਗ ਨੇ ਕਿਹਾ ਕਿ ਇਹ ਹਾਲ ਹੀ ਵਿਚ ਬੰਦ ਕੀਤੇ ਗਏ ਰੈਸਤਰਾਂ 'ਚੋਂ ਇਕ ਹੈ। 
ਸਿਹਤ ਵਿਭਾਗ ਦੇ ਅਫਸਰ ਸਾਲ ਵਿਚ ਘੱਟੋ-ਘੱਟ ਇਕ ਵਾਰ ਰੈਸਤਰਾਂ, ਹੋਟਲਾਂ ਦਾ ਦੌਰਾ ਕਰਦੇ ਹਨ। ਹਾਲਾਂਕਿ ਸਾਲ ਵਿਚ ਚਾਰ ਵਾਰ ਵੀ ਅਜਿਹੇ ਦੌਰੇ ਕਰਕੇ ਇਨ੍ਹਾਂ ਹੋਟਲਾਂ ਅਤੇ ਰੈਸਤਰਾਂ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਬੀਤੇ ਸਾਲ ਪਬਲਿਕ ਹੈਲਥ ਐਕਟ ਫੂਡ ਰੈਗੁਲੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਐਲਬਰਟਾ ਦੇ ਸਿਹਤ ਵਿਭਾਗ ਨੇ 37 ਹੋਟਲਾਂ ਅਤੇ ਰੈਸਤਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ।


Kulvinder Mahi

News Editor

Related News