ਨਿਊਯਾਰਕ ’ਚ 2015 ’ਚ ਬਰਾਮਦ ਹੋਈਆਂ ਪ੍ਰਾਚੀਨ ਵਸਤੂਆਂ ਪਾਕਿਸਤਾਨ ਨੂੰ ਮੋੜੀਆਂ
Wednesday, Nov 04, 2020 - 01:36 PM (IST)
ਨਿਊਯਾਰਕ- ਅਮਰੀਕਾ ਦੇ ਨਿਊਯਾਰਕ ’ਚ 2015 ’ਚ ਦੂਸਰੀ ਸ਼ਤਾਬਦੀ ਦੀਆਂ ਧਾਰਮਿਕ ਚੀਜ਼ਾਂ ਅਤੇ ਮੂਰਤੀਆਂ ਬਰਾਮਦ ਹੋਈਆਂ ਸਨ, ਜਿਨ੍ਹਾਂ ਨੂੰ ਸੋਮਵਾਰ ਨੂੰ ਪਾਕਿਸਤਾਨੀ ਸਰਕਾਰ ਨੂੰ ਮੋੜ ਦਿੱਤਾ ਗਿਆ।
ਮੈਨਹੱਟਨ ਜ਼ਿਲਾ ਅਟਾਰਨੀ ਸਾਈਰਸ ਵੇਂਸ ਨੇ 45 ਵਸਤੂਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪਿਆ। ਇਹ ਵਸਤੂਆਂ ਓਦੋਂ ਮਿਲੀਆਂ ਸਨ ਜਦੋਂ 2015 ’ਚ ਨਿਊਯਾਰਕ ਸ਼ਹਿਰ ’ਚ ਪਾਕਿਸਤਾਨ, ਭਾਰਤ ਅਤੇ ਅਫਗਾਨਿਸਤਾਨ ਤੋਂ ਨਾਜਾਇਜ਼ ਤਰੀਕੇ ਨਾਲ ਕਲਾਕ੍ਰਿਤੀਆਂ ਨੂੰ ਲਿਆਉਣ ਵਾਲੇ ਸ਼ੱਕੀਆਂ ਦੇ ਖਿਲਾਫ ਤਲਾਸ਼ੀ ਵਾਰੰਟ ਦੀ ਤਾਮੀਲ ਕੀਤੀ ਗਈ ਸੀ। ਹੋਰ 5 ਵਸਤੂਆਂ ਅਗਸਤ ’ਚ ਭਾਰਤ ਨੂੰ ਮੋੜ ਦਿੱਤੀਆਂ ਗਈਆਂ ਸਨ। ਮੈਨਹੱਟਨ ਜ਼ਿਲ੍ਹਾ ਅਟਾਰਨੀ ਦਫਤਰ ਅਤੇ ਸੰਘੀ ਸਰਕਾਰ ਦੀ ਜਾਂਚ ਇਕਾਈਆਂ ਹਨ ਜੋ ਚੋਰੀ ਗਈਆਂ ਪ੍ਰਾਚੀਨ ਕਾਲ ਦੀਆਂ ਵਸਤੂਆਂ ਨੂੰ ਬਰਾਮਦ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਸਲੀ ਹੱਕਦਾਰ ਨੂੰ ਮੋੜਨ ਲਈ ਕੰਮ ਕਰਦੀਆਂ ਹਨ।