ਕ੍ਰੈਸ਼ ਹੋ ਗਿਆ ਇਕ ਹੋਰ ਜਹਾਜ਼ ! ਨਹੀਂ ਬਚਿਆ ਕੋਈ ਵੀ
Wednesday, Dec 10, 2025 - 04:10 PM (IST)
ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਸੂਡਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਫੌਜੀ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਕਾਰਨ ਜਹਾਜ਼ ਸਵਾਰ ਸਾਰੇ ਚਾਲਕ ਦਲ ਦੇ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਇਲਯੁਸ਼ਿਨ ਆਈ.ਐੱਲ.-76 ਕਾਰਗੋ ਜਹਾਜ਼ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਤੱਟਵਰਤੀ ਸ਼ਹਿਰ ਪੋਰਟ ਸੂਡਾਨ ਦੇ ਓਸਮਾਨ ਡਿਗਨਾ ਏਅਰ ਬੇਸ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲੈਂਡਿੰਗ ਤੋਂ ਐਨ ਪਹਿਲਾਂ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਤੇ ਇਹ ਕ੍ਰੈਸ਼ ਹੋ ਕੇ ਜ਼ਮੀਨ 'ਤੇ ਆ ਡਿੱਗਾ। ਮਾਰੇ ਗਏ ਲੋਕਾਂ ਵਿੱਚ ਫੌਜੀ ਪਾਇਲਟ ਓਮਰਾਨ ਮਿਰਘਾਨੀ ਵੀ ਸ਼ਾਮਲ ਸਨ। ਹਾਲਾਂਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਅਧਿਕਾਰੀਆਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਸੂਡਾਨ ਦਾ ਹਵਾਬਾਜ਼ੀ ਸੁਰੱਖਿਆ ਰਿਕਾਰਡ ਖਰਾਬ ਹੈ ਅਤੇ ਇੱਥੇ ਜਹਾਜ਼ ਹਾਦਸੇ ਹੋਣਾ ਆਮ ਗੱਲ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਵੀ ਓਮਦੁਰਮਾਨ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 46 ਲੋਕ ਮਾਰੇ ਗਏ ਸਨ।
