ਅਮਰੀਕਾ ਦੀ ਧਰਤੀ ਨੇ ਖੋਹਿਆ ਇਕ ਹੋਰ ਭਾਰਤੀ ਨੌਜਵਾਨ, ਸਦਮੇ ''ਚ ਪਰਿਵਾਰ

Thursday, Aug 07, 2025 - 12:19 PM (IST)

ਅਮਰੀਕਾ ਦੀ ਧਰਤੀ ਨੇ ਖੋਹਿਆ ਇਕ ਹੋਰ ਭਾਰਤੀ ਨੌਜਵਾਨ, ਸਦਮੇ ''ਚ ਪਰਿਵਾਰ

ਵਾਸ਼ਿੰਗਟਨ: ਅਮਰੀਕਾ ਦੀ ਧਰਤੀ ਨੇ ਇਕ ਹੋਰ ਭਾਰਤੀ ਨੌਜਵਾਨ ਖੋਹ ਲਿਆ ਹੈ। ਇੱਥੇ ਇਕ ਭਾਰਤੀ ਨੌਜਵਾਨ ਦੀ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ, ਜਿਸ ਦੀ ਸ਼ਨਾਖਤ ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਸਬੰਧਤ ਸੰਦੀਪ ਘੋਘਰੀਆ ਵਜੋਂ ਕੀਤੀ ਗਈ ਹੈ। ਕੈਲੇਫੋਰਨੀਆ ਦੀ ਕਿੰਗਜ਼ ਰਿਵਰ ਵਿਚ ਵਾਪਰੇ ਹਾਦਸੇ ਦੌਰਾਨ ਸੰਦੀਪ ਦੇ ਦੋਸਤ ਉਸ ਨੂੰ ਪਾਣੀ ਵਿਚੋਂ ਕੱਢਣ ਵਿਚ ਸਫ਼ਲ ਰਹੇ ਪਰ ਸਰੀਰ ਅੰਦਰ ਬਹੁਤ ਜ਼ਿਆਦਾ ਪਾਣੀ ਜਾਣ ਕਰ ਕੇ ਉਸ ਨੂੰ ਬਚਾਇਆ ਨਾ ਜਾ ਸਕਿਆ। ਸੰਦੀਪ ਦੇ ਛੋਟੇ ਭਰਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਤਿੰਨ ਸਾਲ ਪਹਿਲਾਂ 60 ਲੱਖ ਰੁਪਏ ਖਰਚ ਕਰ ਕੇ ਸੰਦੀਪ ਨੂੰ ਅਮਰੀਕਾ ਭੇਜਿਆ ਸੀ। ਸੰਦੀਪ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਉਸ ਦੇ ਪਿਤਾ ਲੰਮੇ ਸਮੇਂ ਤੋਂ ਬਿਮਾਰ ਹਨ ਅਤੇ ਇਸ ਸਦਮੇ ਨੇ ਉਨ੍ਹਾਂ ਨੂੰ ਬਿਲਕੁਲ ਤੋੜ ਕੇ ਰੱਖ ਦਿਤਾ ਹੈ।

ਅਮਰੀਕਾ ਪੁੱਜਣ ਤੋਂ ਪਹਿਲਾਂ ਉਹ ਪੰਜ-ਛੇ ਮਹੀਨੇ ਪਨਾਮਾ ਦੇ ਜੰਗਲਾਂ ਵਿਚ ਵੀ ਰਿਹਾ ਅਤੇ ਲੰਮਾ ਸੰਘਰਸ਼ ਕਰਦਿਆਂ ਅਮਰੀਕਾ ਦਾ ਬਾਰਡਰ ਪਾਰ ਕਰਨ ਵਿਚ ਸਫ਼ਲ ਹੋਇਆ। ਅਮਰੀਕਾ ਵਿਚ ਦਾਖਲ ਹੋਣ ਮਗਰੋਂ ਵੀ ਮੁਸ਼ਕਲਾਂ ਖ਼ਤਮ ਨਾ ਹੋਈਆਂ ਅਤੇ ਉਸ ਨੂੰ ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ। ਆਖਰਕਾਰ ਫਾਈਲ ਪ੍ਰੋਸੈਸਿੰਗ ਸ਼ੁਰੂ ਹੋਈ ਤਾਂ ਸੰਦੀਪ ਕੰਮ ਕਰਨ ਲੱਗਾ ਅਤੇ ਇਸ ਦੇ ਨਾਲ ਟਰੱਕ ਡਰਾਈਵਿੰਗ ਦੀ ਸਿਖਲਾਈ ਵੀ ਲੈਣੀ ਸ਼ੁਰੂ ਕਰ ਦਿੱਤੀ। ਇਸ ਵੇਲੇ ਉਹ ਫਰਿਜ਼ਨੋ ਸ਼ਹਿਰ ਵਿਚ ਰਹਿ ਰਿਹਾ ਸੀ ਅਤੇ 4 ਅਗਸਤ ਨੂੰ ਆਪਣੇ ਦੋਸਤਾਂ ਨਾਲ ਝੀਲ ਵੱਲ ਚਲਾ ਗਿਆ। ਪ੍ਰਦੀਪ ਨੇ ਅੱਗੇ ਦੱਸਿਆ ਕਿ ਝੀਲ ਵਿਚ ਨਹਾਉਂਦਿਆ ਸੰਦੀਪ ਪਾਣੀ ਦੀਆਂ ਛੱਲਾਂ ਵਿਚ ਘਿਰ ਗਿਆ ਅਤੇ ਬਾਹਰ ਨਾ ਨਿਕਲ ਸਕਿਆ। ਐਮਰਜੈਂਸੀ ਕਾਮਿਆਂ ਵੱਲੋਂ ਸੰਦੀਪ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ।

ਪੜ੍ਹੋ ਇਹ ਅਹਿਮ ਖ਼ਬਰ-ਪ੍ਰਵਾਸੀ ਅਮਰੀਕਾ ਛੱਡ ਦੇਣ ਜਾਂ....Trump ਦੀ ਨਵੀਂ ਨੀਤੀ

ਪਿੰਡ ਘੋਘਰੀਆ ਨਾਲ ਸਬੰਧਤ ਦੋ ਹੋਰ ਨੌਜਵਾਨ ਸੰਦੀਪ ਦੇ ਘਰ ਨੇੜੇ ਰਹਿੰਦੇ ਹਨ, ਜਿਨ੍ਹਾਂ ਨੇ ਪਰਿਵਾਰ ਨੂੰ ਦੁਖਦਾਈ ਖ਼ਬਰ ਦਿਤੀ। ਸੰਦੀਪ ਦੀ ਦੇਹ ਭਾਰਤ ਲਿਆਉਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਦਕਿ ਗੈਰ ਮੁਨਾਫ਼ੇ ਵਾਲੀ ਜਥੇਬੰਦੀ ਯਾਰੀ ਇੰਟਰਨੈਸ਼ਨਲ ਵੱਲੋਂ ਵੀ ਆਪਣੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News