ਕੈਨੇਡਾ 'ਚ ਪਾਕਿਸਤਾਨ ਦੀ ਇੱਕ ਹੋਰ ਏਅਰਹੋਸਟੈਸ ਹੋਈ ਲਾਪਤਾ

02/29/2024 11:45:59 AM

ਵੈਨਕੂਵਰ : ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇੱਕ ਹੋਰ ਏਅਰ ਹੋਸਟੈਸ ਕੈਨੇਡਾ ਵਿਚ ਲਾਪਤਾ ਹੋ ਗਈ। ਏਅਰ ਹੋਸਟੈਸ ਦਾ ਨਾਂ ਮਰੀਅਮ ਰਜ਼ਾ ਹੈ। ਡਾਨ ਨਿਊਜ਼ ਨੇ ਪੀ.ਆਈ.ਏ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਮਰੀਅਮ ਸੋਮਵਾਰ ਨੂੰ ਅਪਣੇ ਹੋਟਲ ਤੋਂ ਗਾਇਬ ਹੋਈ। ਮਰੀਅਮ ਦੇ ਕਮਰੇ ਵਿਚ ਉਸ ਦੀ ਵਰਦੀ ਮਿਲੀ। ਇਸ ’ਤੇ ਲਿਖਿਆ ਸੀ, ਥੈਂਕਿਊ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼।

ਪੀ.ਆਈ.ਏ ਦੇ ਸੂਤਰਾਂ ਮੁਤਾਬਕ ਪਹਿਲਾਂ ਵੀ ਕਈ ਕਰੂ ਮੈਂਬਰ, ਪਾਇਲਟ ਜਾਂ ਫਿਰ ਏਅਰ ਹੋਸਟੈਸ ਇਸੇ ਅੰਦਾਜ਼ ਵਿਚ ਗਾਇਬ ਹੋ ਗਏ ਸਨ। ਮੰਨਿਆ ਜਾ ਰਿਹਾ ਕਿ ਮਰੀਅਮ ਨੇ ਵੀ ਬਾਕੀ ਲੋਕਾਂ ਦੀ ਤਰ੍ਹਾਂ ਕੈਨੇਡਾ ਦੀ ਨਾਗਰਿਕਤਾ ਲੈਣ ਲਈ ਇਹ ਰਸਤਾ ਅਪਣਾਇਆ ਹੈ। ਪੀ.ਆਈ.ਏ ਦੀ ਫਲਾਈਟ ਪੀਕੇ-782 ਸੋਮਵਾਰ ਨੂੰ ਕੈਨੇਡਾ ਦੇ ਵੈਨਕੂਵਰ ਪਹੁੰਚੀ। ਏਅਰ ਹੋਸਟੈੱਸ ਮਰੀਅਮ ਰਜ਼ਾ ਵੀ ਮੌਜੂਦ ਸੀ। ਵਾਪਸੀ ਲਈ ਉਹ ਹਵਾਈ ਅੱਡੇ ’ਤੇ ਨਹੀਂ ਪਹੁੰਚੀ। ਇਹ ਫਲਾਈਟ ਸੋਮਵਾਰ ਨੂੰ ਕੈਨੇਡਾ ਦੇ ਵੈਨਕੂਵਰ ਪਹੁੰਚੀ। ਰਸਮੀ ਕਾਰਵਾਈਆਂ ਤੋਂ ਬਾਅਦ ਸਟਾਫ਼ ਆਪਣੇ ਨਿਰਧਾਰਤ ਹੋਟਲ ਲਈ ਰਵਾਨਾ ਹੋ ਗਿਆ। ਇਸ ਸਟਾਫ ’ਚ ਏਅਰ ਹੋਸਟੈੱਸ ਮਰੀਅਮ ਰਜ਼ਾ ਵੀ ਸ਼ਾਮਲ ਸੀ। ਮਰੀਅਮ ਨੇ ਸ਼ਾਮ ਨੂੰ ਵਾਪਸੀ ਫਲਾਈਟ ਪੀਕੇ-784 ਰਾਹੀਂ ਕਰਾਚੀ ਪਰਤਣਾ ਸੀ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਮਰੀਅਮ ਏਅਰਪੋਰਟ ਨਹੀਂ ਪਹੁੰਚੀ ਤਾਂ ਕੁਝ ਲੋਕਾਂ ਨੂੰ ਹੋਟਲ ਭੇਜਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਨਵਾਂ ਕਦਮ,  ਮੈਕਸੀਕਨਾਂ 'ਤੇ ਕੁਝ ਵੀਜ਼ਾ ਲੋੜਾਂ ਨੂੰ ਮੁੜ ਕਰੇਗਾ ਲਾਗੂ 

ਹੋਟਲ ਸਟਾਫ ਨੇ ਮਰੀਅਮ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਪਰ ਉਹ ਉੱਥੇ ਨਹੀਂ ਮਿਲੀ। ਉਸ ਦੀ ਵਰਦੀ ਯਕੀਨੀ ਤੌਰ ’ਤੇ ਹੈਂਗਰ ’ਤੇ ਲਟਕ ਰਹੀ ਸੀ। ਇਸ ਦੇ ਫਰੰਟ ’ਤੇ ਲਿਖਿਆ ਸੀ- ਧੰਨਵਾਦ ਪੀ.ਆਈ.ਏ। ਮਰੀਅਮ ਨੇ 15 ਸਾਲ ਪਹਿਲਾਂ ਪੀ.ਆਈ.ਏ ਜੁਆਇਨ ਕੀਤੀ ਸੀ। ਕੁਝ ਮਹੀਨੇ ਪਹਿਲਾਂ ਉਸ ਨੂੰ ਇਸਲਾਮਾਬਾਦ ਤੋਂ ਟੋਰਾਂਟੋ ਲਈ ਫਲਾਈਟ ਅਲਾਟ ਹੋਈ ਸੀ। ਪੀ.ਆਈ.ਏ ਦੇ ਸੂਤਰਾਂ ਦਾ ਕਹਿਣਾ ਹੈ ਕਿ ਮਰੀਅਮ ਦਾ ਟਰੈਕ ਰਿਕਾਰਡ ਕਾਫੀ ਚੰਗਾ ਰਿਹਾ ਹੈ। ਇਸ ਲਈ ਉਸ ਦੇ ਇਸ ਕਦਮ ਤੋਂ ਹਰ ਕੋਈ ਹੈਰਾਨ ਹੈ।

ਮਰੀਅਮ ਦੀ ਗੁੰਮਸ਼ੁਦਗੀ ਜਨਵਰੀ 2024 ਵਿੱਚ ਪੀ.ਆਈ.ਏ ਦੀ ਫਲਾਈਟ ਅਟੈਂਡੈਂਟ ਫੈਜ਼ਾ ਮੁਖਤਾਰ ਦੇ ਕੈਨੇਡਾ ਵਿੱਚ ਲਾਪਤਾ ਹੋਣ ਦੇ ਇੱਕ ਮਹੀਨੇ ਬਾਅਦ ਹੋਈ ਹੈ। ਪੀ.ਆਈ.ਏ ਦੇ ਬੁਲਾਰੇ ਅਬਦੁੱਲਾ ਹਫੀਜ਼ ਖਾਨ ਨੇ ਕਿਹਾ ਕਿ ਫੈਜ਼ਾ ਮੁਖਤਾਰ, ਜੋ ਕੈਨੇਡਾ ਵਿੱਚ ਉਤਰਨ ਤੋਂ ਇੱਕ ਦਿਨ ਬਾਅਦ ਵਾਪਸ ਕਰਾਚੀ ਲਈ ਉਡਾਣ ਭਰਨ ਵਾਲੀ ਸੀ, "ਫਲਾਈਟ ਵਿੱਚ ਸਵਾਰ ਨਹੀਂ ਹੋਈ ਅਤੇ ਲਾਪਤਾ ਹੋ ਗਈ।" ਪੀ.ਆਈ.ਏ ਦੇ ਕਰੂ ਮੈਂਬਰ 2018 ਤੋਂ ਕੈਨੇਡਾ ਵਿੱਚ ਸ਼ਰਣ ਮੰਗ ਰਹੇ ਹਨ। ਚਾਲਕ ਦਲ ਦੇ ਮੈਂਬਰਾਂ, ਮਰੀਅਮ ਅਤੇ ਫੈਜ਼ਾ ਦਾ ਲਾਪਤਾ ਹੋਣਾ ਪੀ.ਆਈ.ਏ ਲਈ ਇੱਕ ਚਿੰਤਾਜਨਕ ਰੁਝਾਨ ਹੈ, ਜੋ ਖੁਦ ਵਿੱਤੀ ਅਤੇ ਭਰੋਸੇਯੋਗਤਾ ਦੇ ਨੁਕਸਾਨ ਨਾਲ ਜੂਝ ਰਹੀ ਹੈ। ਮਰੀਅਮ ਦੇ ਲਾਪਤਾ ਹੋਣ ਦਾ 2024 ਵਿੱਚ ਅਜਿਹਾ ਦੂਜਾ ਮਾਮਲਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News