ਮੈਲਬੌਰਨ ਵਿਖੇ ਪਾਏ ਗਏ ਭੂਰੀਵਾਲਿਆਂ ਦੇ ਨਾਮ-ਲੇਵਾ ਸਾਲਾਨਾ ਭੋਗ

12/16/2018 5:19:13 PM

ਸਿਡਨੀ/ਮੈਲਬੌਰਨ (ਸਨੀ ਚਾਂਦਪੁਰੀ/ਅਰਸ਼ਦੀਪ)- ਮਹਾਰਾਜ ਭੂਰੀਵਾਲਿਆਂ ਦੀ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਚੌਥੇ ਅਤੇ ਮੌਜੂਦਾ ਗੱਦੀਨਸ਼ੀਲ ਮਹਾਰਾਜ ਸ੍ਰੀ ਚੇਤਨਾ ਨੰਦ ਜੀ ਵਲੋਂ ਬ੍ਰਹਮ ਨਿਵਾਸ ਆਸ਼ਰਮ 4 ਬੋਡਲਸ ਲੇਨ ਲਿਟਲ ਰਿਵਰ -3211 ਮੈਲਬੌਰਨ ਵਿਖੇ ਸਾਲਾਨਾ ਭੋਗ ਪਾਏ ਗਏ। ਜਗਤਗੁਰੂ ਬਾਬਾ ਗਰੀਬਦਾਸ ਜੀ ਦੀ ਅੰਮ੍ਰਿਤਮਈ ਬਾਣੀ ਦੇ ਭੋਗ ਪਾਉਣ ਉਪਰੰਤ ਮਹਾਰਾਜ ਜੀ ਨੇ ਆਪਣੇ ਸਤਿਸੰਗ 'ਚ ਸੰਗਤਾਂ ਨੂੰ ਗ੍ਰਹਿਸਤ ਆਸ਼ਰਮ 'ਚ ਰਹਿ ਕੇ ਧਰਮ ਦੇ ਮਾਰਗ 'ਤੇ ਪਰਿਪੱਕ ਰਹਿਣ ਦਾ ਉਪਦੇਸ਼ ਦਿੱਤਾ।

ਮਹਾਰਾਜ ਨੇ ਆਪਣੇ ਸਤਿਸੰਗ 'ਚ ਕਿਹਾ ਕਿ ਜੀਵ ਨੂੰ ਜਿੱਥੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰਨਾ ਚਾਹੀਦਾ ਹੈ, ਉੱਥੇ ਹੀ ਆਪਣੇ ਸਵਾਸਾਂ ਦਾ ਵੀ ਦਸਵਾਂ ਹਿੱਸਾ ਪ੍ਰਭੂ ਭਗਤੀ 'ਚ ਲਗਾਉਣਾ ਚਾਹੀਦਾ ਹੈ। ਅਸੀਂ ਸਾਰੇ ਹੀ ਮਾਤਾ ਦੇ ਗਰਭ 'ਚ ਪਰਮਾਤਮਾ ਨਾਲ ਦਸਵਾਂ ਹਿੱਸਾ ਪ੍ਰਭੂ ਭਗਤੀ 'ਚ ਲਗਾਉਣ ਦਾ ਕੌਲ ਕਰਕੇ ਆਏ ਹਾਂ। ਮਹਾਰਾਜ ਜੀ ਨੇ ਆਪਣੇ ਸਤਿਸੰਗ ਦੌਰਾਨ ਸੰਗਤ ਤੇ ਕਿਰਪਾ ਕਰਦੇ ਹੋਏ ਕਿਹਾ ਕਿ ਅਸੀਂ ਪਰਮਾਤਮਾ ਨਾਲ ਕੀਤੇ ਆਪਣੇ ਕੌਲ ਭੁੱਲ ਕੇ ਮੋਹ ਮਾਇਆ ਦੇ ਵੱਸ ਪੈ ਚੁੱਕੇ ਹਾਂ। ਸਾਡੀ ਜੀਵਨ ਸ਼ੈਲੀ ਵੀ ਇਹ ਦੱਸਦੀ ਹੈ ਕਿ ਅਸੀਂ ਕਿੰਨੇ ਕੁ ਸੰਸਕਾਰੀ ਹਾਂ।

ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਵਿੱਚ ਸਿਰਫ ਤੇ ਸਿਰਫ ਗੁਰੂਆਂ ਵੱਲੋਂ ਦਿੱਤਾ ਸ਼ਬਦ ਹੀ ਸਹਾਈ ਹੋ ਸਕਦਾ ਹੈ। ਮਹਾਰਾਜ ਨੇ ਕਿਹਾ ਕਿ ਜੀਵ ਨੂੰ ਤਨ ਕਰ ਕੇ ਸੇਵਾ ਧੰਨ ਕਰਕੇ ਦਾਨ ਅਤੇ ਸਵਾਸਾਂ ਨੂੰ ਪਰਮਾਤਮਾ ਦੀ ਭਗਤੀ ਨਾਲ ਜੋੜਨਾ ਹੀ ਅਸਲ ਜੀਵਨ ਹੈ, ਜੋ ਕਿ ਇਨਸਾਨ ਦੇ ਅੰਤ ਸਮੇਂ ਸਹਾਈ ਹੋਣਾ ਹੈ। ਮਹਾਰਾਜ ਨੇ ਵਿਦੇਸ਼ਾਂ 'ਚ ਵੱਸਦੀ ਸੰਗਤ ਨੂੰ ਸੰਗਰਾਂਦ ਅਤੇ ਸਾਲਾਨਾ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ 'ਚ ਰਹਿ ਕੇ ਵੀ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਸੰਸਕਾਰਾਂ ਦਾ ਪ੍ਰਭਾਵ ਹੈ। ਸਖ਼ਤ ਮਿਹਨਤ ਕਰਕੇ ਬੱਚਿਆਂ ਨੂੰ ਅਤੇ ਆਪਣੇ-ਆਪ ਨੂੰ ਗੁਰੂਆਂ ਨਾਲ ਜੋੜਨਾ ਅਤੇ ਧਰਮ ਕਰਮ ਨਾਲ ਜੁੜੇ ਰਹਿਣਾ ਸੰਸਕਾਰਾਂ ਨੂੰ ਦਰਸਾਉਂਦਾ ਹੈ।

ਇਸ ਮੌਕੇ ਮਹਾਰਾਜ ਨੇ ਸਾਲਾਨਾ ਭੋਗ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ 'ਚ ਭੂਰੀਵਾਲਿਆਂ ਦੀ ਨਾਮ-ਲੇਵਾ ਸੰਗਤ ਸਾਲਾਨਾ ਭੋਗ 'ਚ ਨਤਮਸਤਕ ਹੋਣ ਲਈ ਪਹੁੰਚੀ। ਇਸ ਮੌਕੇ ਦੌਲਤ ਰਾਮ ਸੰਡਰੇਵਾਲ ਪ੍ਰਧਾਨ ਕਨੇਡਾ ਕੁਟੀਆ ਮੱਖਣ ਭਵਾਨੀਪੁਰ, ਚੰਦਰਕਾਂਤ, ਸ਼ਾਮਾ ਸਾਹਨੇਵਾਲ, ਸ਼ਾਮਾ ਟੇਡੇਵਾਲ, ਰਿੰਕੂ ਭਵਾਨੀਪੁਰ, ਅਸ਼ਵਨੀ, ਰੌਬੀ ਕਰੀਮਪੁਰ, ਜਸਦੀਪ ਸਿੰਘ ਜੱਸੀ, ਸੰਜੂ, ਅਜੇ ਬਿੰਦੂ ਚੌਧਰੀ, ਕੇਸ਼ੀ ਕਟਵਾਰਾ, ਜਤਿਨ, ਸੋਨੂੰ ਚੇਚੀ, ਬਿੰਦਰ, ਵਿੱਕੀ ਖੇਪੜ, ਸੇਠੀ, ਗਗਨ, ਬਿੰਦਰ, ਕਾਲਾ ਨਾਨੋਵਾਲ, ਜਸਪਾਲ ਟਕਾਰਲਾ ਅਤੇ ਸੰਗਤ ਮੌਜੂਦ ਸੀ।
 


Sunny Mehra

Content Editor

Related News