ਭੁਲੱਥ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਇਟਲੀ ‘ਚ ਚਮਕਾਇਆ ਨਾਂਅ, ਜਹਾਜ ਦੇ ਪਾਇਲਟਾਂ ‘ਚ ਬਣਾਈ ਥਾਂ
Tuesday, Apr 25, 2023 - 04:57 PM (IST)
 
            
            ਰੋਮ (ਦਲਵੀਰ ਕੈਂਥ)- ਹੁਣ ਉਹ ਦਿਨ ਦੂਰ ਨਹੀਂ ਜਦੋਂ ਇਟਾਲੀਅਨ ਲੋਕ ਕਾਮਯਾਬ ਪ੍ਰਵਾਸੀਆਂ ਵਿੱਚ ਭਾਰਤੀ ਲੋਕ ਨੂੰ ਮੋਹਰਲੀ ਕਤਾਰ ਦੇ ਹੱਕਦਾਰ ਮੰਨਣ ਲੱਗ ਪੈਣਗੇ ਕਿਉਂਕਿ ਇਟਲੀ ਵਿੱਚ ਵੱਸਦੇ ਭਾਰਤੀ ਅੱਜ ਵੱਡੀਆਂ-ਵੱਡੀਆਂ ਮੱਲਾਂ ਮਾਰ ਰਹੇ ਹਨ। ਭਾਵੇਂ ਬੋਲੀ ਦਾ ਵੱਖਰੇਵਾਂ ਹੋਣ ਕਰਕੇ ਕੰਮਾਂ-ਕਾਰਾਂ ਤੇ ਲੱਖ ਦਿੱਕਤਾ ਵੀ ਆਉਂਦੀਆਂ ਹਨ ਪਰ ਇਸ ਦੇ ਬਾਵਜੂਦ ਪੰਜਾਬੀਆ ਨੇ ਵੱਡੇ ਮੁਕਾਮ ਹਾਸਿਲ ਕੀਤੇ ਹਨ। ਇਟਲੀ ’ਚ ਪੰਜਾਬੀ ਗੱਭਰੂ ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਪਾਇਲਟ ਬਣਨ ਦਾ ਲਾਇਸੈਂਸ ਹਾਸਿਲ ਕਰਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ।


ਅੰਮ੍ਰਿਤਪਾਲ ਸਿੰਘ ਨੇ ਪਾਰਮਾ ਤੋਂ ਸਰਵਿਸਿੳ ਕਮਰਚਾਲੀ ਦਾ ਡਿਪਲੋਮਾ ਕਰਨ ਉਪਰੰਤ ਏਰੋ ਕਲੱਬ ਪਾਰਮਾ ਤੋਂ ਇਹ ਲਾਇਸੈਂਸ ਪ੍ਰਾਪਤ ਕੀਤਾ। ਪਾਇਲਟ ਦਾ ਲਾਇਸੈਂਸ ਹਾਸਿਲ ਕਰਨ ਸਮੇਂ ਇਸ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਚਮਕੀਲੀ ਝਲਕ ਦਿਖਾਈ ਦੇ ਰਹੀ ਸੀ। ਭੁਲੱਥ ਨੇੜਲੇ ਪਿੰਡ ਮੁੰਡੀ ਰੋਡ ਨਾਲ ਸੰਬੰਧਿਤ ਸ. ਕੁਲਜੀਤ ਪਾਲ ਸਿੰਘ ਲੁਬਾਣਾ ਅਤੇ ਮਾਤਾ ਸਤਨਾਮ ਕੌਰ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਜੋ ਕਿ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਰਹਿ ਹੈ, ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਪਾਇਲਟ ਬਣਨ ਦਾ ਸ਼ੌਂਕ ਸੀ। ਪੜ੍ਹਾਈ ਕਰਨ ਉਪਰੰਤ 2021 ਵਿੱਚ ਉਸਨੇ ਏਰੋ ਕਲੱਬ ਪਾਰਮਾ ਵਿੱਚ ਦਾਖਿਲਾ ਲਿਆ। ਜਿੱਥੋਂ 18 ਅਪ੍ਰੈਲ਼ 2023 ਨੂੰ ਪੇਪਰ ਦੇਣ ਉਪਰੰਤ ਪਾਇਲਟ ਬਣਨ ਦਾ ਲਾਇਸੈਂਸ ਹਾਸਿਲ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਭਾਰਤੀ ਮੂਲ ਦੀ ਨੀਲੀ ਬੇਂਦਾਪੁਡੀ ਨੂੰ ਦਿੱਤਾ ਜਾਵੇਗਾ 'ਇਮੀਗ੍ਰੈਂਟ ਅਚੀਵਮੈਂਟ ਐਵਾਰਡ'
ਨੌਜਵਾਨ ਦੇ ਪਿਤਾ ਕੁਲਜੀਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਪਾਇਲਟ ਦਾ ਲਾਇਸੈਂਸ ਹਾਸਿਲ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ। ਇਸ ਤੋਂ ਬਾਅਦ ਵੀ ਉਹ ਆਪਣੀ ਪੜ੍ਹਾਈ ਜਾਰੀ ਰੱਖੇਗਾ ਤਾਂ ਜੋ ਉਹ ਕਮਰਸ਼ੀਅਲ ਪਾਇਲਟ ਵਜੋਂ ਵੀ ਸੇਵਾਵਾ ਨਿਭਾ ਸਕੇ। ਪੰਜਾਬੀ ਨੌਜਵਾਨ ਦੀ ਇਹ ਪ੍ਰਾਪਤੀ ਇਟਲੀ ਦੇ ਹੋਰ ਪੰਜਾਬੀ ਗੱਭਰੂਆਂ ਲਈ ਪ੍ਰੇਰਨਾਦਾਇਕ ਹੈ ਜਿਹੜੀ ਕਿ ਬਹੁਤੇ ਨੌਜਵਾਨਾਂ ਦੀ ਸੋਚ ਬਦਲ ਸਕਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            