ਅਮਰੀਕਾ ਨੇ ਪਰਲ ਕਤਲ ਮਾਮਲੇ ''ਚ ਪਾਕਿਸਤਾਨੀ ਵਿਦੇਸ਼ ਮੰਤਰੀ ਕੁਰੈਸ਼ੀ ਨੂੰ ਪਾਈ ਝਾੜ

Tuesday, Feb 02, 2021 - 12:45 AM (IST)

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਅਮਰੀਕੀ ਸੰਪਾਦਕ ਡੈਨੀਅਲ ਪਰਲ ਮਾਮਲੇ ਵਿੱਚ ਝਾੜ ਪਾਉਂਦੇ ਹੋਏ ਕਤਲ ਲਈ ਜ਼ਿੰਮੇਵਾਰ ਅੱਤਵਾਦੀਆਂ ਦੀ ਜਵਾਬਦੇਹੀ ਤੈਅ ਕਰਨ ਨੂੰ ਕਿਹਾ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਨੇਡ ਪ੍ਰਾਈਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਲਿੰਕਨ ਨੇ ਪਰਲ ਦੇ ਕਾਤਲਾਂ ਨੂੰ ਰਿਹਾਅ ਕਰਨ ਦੇ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਅਮਰੀਕਾ ਦੀ ਚਿੰਤਾ ਦੋਹਰਾਈ। ਪ੍ਰਾਈਸ ਨੇ ਟੈਲੀਫੋਨ 'ਤੇ ਹੋਈ ਇਸ ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ‘‘ਬਲਿੰਕਨ ਅਤੇ ਕੁਰੈਸ਼ੀ ਨੇ ਚਰਚਾ ਕੀਤੀ ਕਿ ਅਮਰੀਕੀ ਸੰਪਾਦਕ ਡੈਨੀਅਲ ਪਰਲ ਦੇ ਅਗਵਾ ਅਤੇ ਉਨ੍ਹਾਂ ਦੇ ਕਤਲ ਲਈ ਜ਼ਿੰਮੇਵਾਰ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਅਤੇ ਹੋਰ ਲੋਕਾਂ ਦੀ ਜਵਾਬਦੇਹੀ ਕਿਵੇਂ ਤੈਅ ਕੀਤੀ ਜਾ ਸਕਦੀ ਹੈ।

 ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ ਦੋਨਾਂ ਮੰਤਰੀਆਂ ਨੇ ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ 'ਤੇ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਹਿਯੋਗ ਕਾਇਮ ਰੱਖਣ ਅਤੇ ਖੇਤਰੀ ਸਥਿਰਤਾ ਲਈ ਸਹਿਯੋਗ ਦੀ ਮਹੱਤਤਾ ਅਤੇ ਸਾਡੇ ਵਪਾਰਕ ਅਤੇ ਵਪਾਰ ਸਬੰਧਾਂ ਨੂੰ ਵਿਸਥਾਰ ਦੇਣ ਦੀ ਸਮਰੱਥਾ 'ਤੇ ਚਰਚਾ ਕੀਤੀ। ਇਸ ਤੋਂ ਇੱਕ ਦਿਨ ਪਹਿਲਾਂ, ਬਲਿੰਕਨ ਨੇ ਪਰਲ ਦੇ ਅਗਵਾ ਅਤੇ ਉਨ੍ਹਾਂ ਦੇ ਕਤਲ ਲਈ ਜ਼ਿੰਮੇਦਾਰ ਲੋਕਾਂ ਨੂੰ ਰਿਹਾਅ ਕੀਤੇ ਜਾਣ  ਦੇ ਫੈਸਲੇ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਇਹ ਫੈਸਲਾ ਅੱਤਵਾਦ ਦੇ ਪੀੜਤਾਂ ਦੀ ਬੇਇੱਜ਼ਤੀ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਪਰਲ ਦੇ ਕਾਤਲਾਂ ਨੂੰ ਨਿਆਂ ਦੇ ਦਾਇਰੇ ਵਿੱਚ ਲਿਆਉਣ ਲਈ ਸਾਰੇ ਕਾਨੂੰਨੀ ਵਿਕਲਪਾਂ 'ਤੇ ਵਿਚਾਰ ਕਰਨ।
 


Inder Prajapati

Content Editor

Related News