ਅਮਰੀਕੀ ਨਹੀਂ ਹੈ ਕਬੂਤਰ ''ਜੋਅ'', ਆਸਟ੍ਰੇਲੀਆ ਨੇ ਬਖ਼ਸ਼ ਦਿੱਤੀ ਬੇਜ਼ੁਬਾਨ ਦੀ ਜਾਨ
Saturday, Jan 16, 2021 - 10:57 AM (IST)
ਮੈਲਬੌਰਨ- ਆਸਟ੍ਰੇਲੀਆ ਵਿਚ ਪਿਛਲੇ ਦਿਨੀਂ ਇਕ ਕਬੂਤਰ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ। ਮੰਨਿਆ ਜਾ ਰਿਹਾ ਸੀ ਕਿ ਇਹ ਕਬੂਤਰ ਅਮਰੀਕਾ ਤੋਂ ਆਸਟ੍ਰੇਲੀਆ ਜਾ ਪੁੱਜਾ ਹੈ। ਇਸ ਲਈ ਉਸ ਨੂੰ ਜੀਵ ਸੁਰੱਖਿਆ ਲਈ ਖ਼ਤਰਾ ਮੰਨਦੇ ਹੋਏ ਮਾਰਨ ਦਾ ਫ਼ੈਸਲਾ ਕੀਤਾ ਜਾ ਰਿਹਾ ਸੀ। ਹਾਲਾਂਕਿ, ਹੁਣ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਬੂਤਰ ਸਥਾਨਕ ਹੀ ਹੈ ਅਤੇ ਇਸ ਤੋਂ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਇਸ ਦੇ ਨਾਲ ਹੀ ਉਸ ਦੀ ਜਾਨ ਬਖ਼ਸ਼ ਦਿੱਤੀ ਗਈ ਹੈ।
ਜੋਅ ਨਾਮ ਦਾ ਇਹ ਕਬੂਤਰ ਉਸ ਸਮੇਂ ਚਰਚਾ ਵਿਚ ਆਇਆ ਜਦ ਮੈਲਬੌਰਨ ਵਿਚ ਅਮਰੀਕੀ ਪਛਾਣ ਦਾ ਟੈਗ ਪਾਏ ਹੋਏ ਇਸ ਨੂੰ ਦੇਖਿਆ ਗਿਆ ਸੀ। ਆਸਟ੍ਰੇਲੀਆ ਦੇ ਨਿਯਮਾਂ ਮੁਤਾਬਕ ਇਸ ਨੂੰ ਮਾਰਨ ਦਾ ਫ਼ੈਸਲਾ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿਚ ਇਸ ਟੈਗ 'ਤੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਤੇ ਪਾਇਆ ਗਿਆ ਹੈ ਕਿ ਇਹ ਸਥਾਨਕ ਹੀ ਹੈ। ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਜਾਂਚ ਵਿਚ ਪਾਇਆ ਗਿਆ ਹੈ ਕਿ ਉਸ ਦੇ ਪੈਰ ਉੱਤੇ ਲੱਗਾ ਟੈਗ ਨਕਲੀ ਸੀ ਤੇ ਇਹ ਕਬੂਤਰ ਆਸਟ੍ਰੇਲੀਆ ਦਾ ਹੀ ਹੈ।
ਆਸਟ੍ਰੇਲੀਆ ਦੇ ਖੇਤੀ ਵਿਭਾਗ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਇਸ ਕਬੂਤਰ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੈ। ਇਸ ਨਾਲ ਆਸਟ੍ਰੇਲੀਆ ਦੀ ਖੁਰਾਕ ਸੁਰੱਖਿਆ ਤੇ ਪੋਲਟਰੀ ਉਦਯੋਗਾਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਕਈ ਲੋਕ ਇਸ ਕਬੂਤਰ ਨੂੰ ਬਹਾਦਰ ਦੱਸ ਰਹੇ ਸਨ, ਜੋ ਅਮਰੀਕਾ ਤੋਂ ਉੱਡ ਕੇ ਇੱਥੇ ਪੁੱਜ ਗਿਆ।