ਚੀਨ ਦੇ ਚੇਂਗਦੂ ਵਣਜ ਦੂਤਘਰ ਤੋਂ ਉਤਾਰਿਆ ਗਿਆ ਅਮਰੀਕਾ ਦਾ ਝੰਡਾ
Monday, Jul 27, 2020 - 09:39 AM (IST)

ਚੇਗਦੂ- ਦੱਖਣੀ-ਪੱਛਮੀ ਚੀਨ ਵਿਚ ਅਮਰੀਕਾ ਦੇ ਝੰਡੇ ਨੂੰ ਉਤਾਰ ਦਿੱਤਾ ਗਿਆ। ਅਮਰੀਕੀ ਅਧਿਕਾਰੀਆਂ ਨੇ ਚੀਨ ਸਰਕਾਰ ਦੇ ਹੁਕਮ ਮੁਤਾਬਕ ਚੇਂਗਦੂ ਵਣਜ ਦੂਤਘਰ ਕੰਪਲੈਕਸ ਨੂੰ ਖਾਲੀ ਕਰ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਸ਼ਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ ਵਿਚ ਅਮਰੀਕੀ ਦੂਤਘਰ ਤੋਂ ਸੋਮਵਾਰ ਸਵੇਰੇ 6.18 ਵਜੇ ਝੰਡਾ ਉਤਾਰ ਦਿੱਤਾ ਗਿਆ। ਪੁਲਸ ਨੇ ਵਣਜ ਦੂਤਘਰ ਦੇ ਚਾਰੇ ਪਾਸੇ ਇਲਾਕੇ ਵਿਚ 2 ਤੋਂ 3 ਬਲਾਕ ਬੰਦ ਕਰ ਦਿੱਤੇ ਹਨ, ਜਿਸ ਦੇ ਕਾਰਨ ਹੁਣ ਇਸ ਕੰਪਲੈਕਸ ਨੂੰ ਦੇਖਿਆ ਨਹੀਂ ਜਾ ਸਕਦਾ। ਇਸ ਇਲਾਕੇ ਨੂੰ ਬੰਦ ਕੀਤੇ ਜਾਣ ਤੋਂ ਪਹਿਲਾਂ ਇਸ ਕੰਪਲੈਕਸ ਨੂੰ ਦੇਖਣ ਨੂੰ ਲਗਾਤਾਰ ਦੂਜੇ ਦਿਨ ਲੋਕਾਂ ਦੀ ਭੀੜ ਜੁਟੀ ਰਹੀ।
ਲੋਕ ਸੈਲਫੀ ਅਤੇ ਤਸਵੀਰਾਂ ਲੈਣ ਲਈ ਰੁਕ ਗਏ, ਜਿਸ ਕਾਰਨ ਉੱਥੇ ਸੜਕਾਂ 'ਤੇ ਆਵਾਜਾਈ ਰੁਕ ਗਈ ।ਇੱਥੇ ਲਗਾਤਾਰ ਦੂਜੇ ਦਿਨ ਬਹੁਤ ਜ਼ਿਆਦਾ ਭੀੜ ਜਮ੍ਹਾਂ ਹੋਈ। ਸਿਚਿਆਨ ਸੂਬੇ ਦੀ ਰਾਜਧਾਨੀ ਚੇਂਗਦੂ, ਅਮਰੀਕਾ ਦੇ ਹਿਊਸਟਨ ਸ਼ਹਿਰ ਨਾਲ ਕੌਮਾਂਤਰੀ ਸੁਰਖੀਆਂ ਵਿਚ ਹੈ ਕਿਉਂਕਿ ਚੀਨ ਅਤੇ ਅਮਰੀਕਾ ਨੇ ਇਕ-ਦੂਜੇ ਦੇ ਵਣਜ ਦੂਤਘਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਪੁਲਸ ਨੇ ਅਮਰੀਕੀ ਵਣਜ ਦੂਤਘਰ ਦੇ ਸਾਹਮਣੇ ਸੜਕ ਅਤੇ ਪੈਦਲ ਰਾਹ ਨੂੰ ਬੰਦ ਕਰ ਦਿੱਤਾ ਹੈ।