ਕੋਰੋਨਾ ਵਾਇਰਸ ਦੇ ਡਰੋਂ 3 ਮਹੀਨਿਆਂ ਤੋਂ ਏਅਰਪੋਰਟ "ਚ ਲੁਕਿਆ ਭਾਰਤੀ ਵਿਅਕਤੀ ਗ੍ਰਿਫ਼ਤਾਰ

Tuesday, Jan 19, 2021 - 06:04 PM (IST)

ਕੋਰੋਨਾ ਵਾਇਰਸ ਦੇ ਡਰੋਂ 3 ਮਹੀਨਿਆਂ ਤੋਂ ਏਅਰਪੋਰਟ "ਚ ਲੁਕਿਆ ਭਾਰਤੀ ਵਿਅਕਤੀ ਗ੍ਰਿਫ਼ਤਾਰ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਸ਼ਿਕਾਗੋ ਪੁਲਸ ਨੇ ਇੱਕ ਅਜਿਹੇ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਤਕਰੀਬਨ ਪਿਛਲੇ ਤਿੰਨ ਮਹੀਨਿਆਂ ਤੋਂ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੁਕ ਕੇ ਰਹਿ ਰਿਹਾ ਸੀ। ਇਸ ਮਾਮਲੇ ਸੰਬੰਧੀ ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲੀਫੋਰਨੀਆਂ ਸੂਬੇ ਨਾਲ ਸੰਬੰਧਿਤ ਆਦਿੱਤਿਆ ਸਿੰਘ (36) ਨਾਮ ਦਾ ਇਹ ਵਿਅਕਤੀ, ਜੋ ਕਿ ਕੋਵਿਡ-19 ਦੇ ਕਾਰਨ ਯਾਤਰਾ ਕਰਨ ਦੇ ਡਰੋਂ ਸ਼ਨੀਵਾਰ ਨੂੰ ਆਪਣੀ ਗ੍ਰਿਫ਼ਤਾਰੀ ਤੱਕ ਸ਼ਿਕਾਗੋ ਦੇ ਓਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੁਰੱਖਿਅਤ ਖੇਤਰ ਵਿੱਚ ਤਿੰਨ ਮਹੀਨਿਆਂ ਤੋਂ ਲੁਕਿਆ ਹੋਇਆ ਸੀ।

ਐਤਵਾਰ ਨੂੰ ਕੋਰਟ ਵਿੱਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਆਦਿੱਤਿਆ ਸਿੰਘ 19 ਅਕਤੂਬਰ ਨੂੰ ਲਾਸ ਏਂਜਲਸ ਤੋਂ ਇੱਥੇ ਪਹੁੰਚਿਆ ਸੀ ਅਤੇ ਉਦੋਂ ਤੋਂ ਹੀ ਹਵਾਈ ਅੱਡੇ ਦੇ ਸੁਰੱਖਿਆ ਜ਼ੋਨ ਵਿੱਚ ਬਿਨਾਂ ਕਿਸੇ ਦੀ ਨਜ਼ਰ ਵਿਚ ਆਏ ਰਹਿ ਰਿਹਾ ਸੀ ਪਰ ਪਿਛਲੇ ਹਫਤੇ ਸ਼ਨੀਵਾਰ ਨੂੰ ਯੁਨਾਈਟਿਡ ਏਅਰ ਲਾਈਨ ਦੇ ਦੋ ਕਰਮਚਾਰੀਆਂ ਨੇ ਸਿੰਘ ਕੋਲ ਪਹੁੰਚ ਕੀਤੀ ਅਤੇ ਉਸ ਨੂੰ ਪਛਾਣ ਦਿਖਾਉਣ ਲਈ ਕਿਹਾ ਤਾਂ ਸਿੰਘ ਨੇ ਕਰਮਚਾਰੀਆਂ ਨੂੰ ਏਅਰਪੋਰਟ ਦਾ ਆਈ ਡੀ ਬੈਜ ਦਿਖਾਇਆ, ਜੋ ਅਸਲ ਵਿੱਚ ਇੱਕ ਓਪਰੇਸ਼ਨ ਮੈਨੇਜਰ ਦਾ ਸੀ, ਜਿਸ ਦੀ ਕਿ 26 ਅਕਤੂਬਰ ਨੂੰ ਗੁੰਮ ਹੋਣ ਦੀ ਰਿਪੋਰਟ ਦਿੱਤੀ ਗਈ ਸੀ। ਇਸ ਦੌਰਾਨ ਕਰਮਚਾਰੀਆਂ ਨੇ ਪੁਲਸ ਨੂੰ ਬੁਲਾਇਆ ਅਤੇ ਸ਼ਨੀਵਾਰ ਸਵੇਰੇ 11:10 ਵਜੇ ਟਰਮੀਨਲ 2 ਵਿੱਚ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਅਸਿਸਟੈਂਟ ਪਬਲਿਕ ਡਿਫੈਂਡਰ ਕੋਰਟਨੀ ਸਮਾਲਵੁੱਡ ਦੇ ਅਨੁਸਾਰ ਅਦਿੱਤਿਆ ਸਿੰਘ ਲਾਸ ਏਂਜਲਸ ਦੇ ਓਰਨਜ ਵਿੱਚ ਰਹਿੰਦਾ ਹੈ ਅਤੇ ਉਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਜਦਕਿ ਉਸ ਕੋਲ ਹਾਸਪਿਟਾਲਿਟੀ ਦੀ ਮਾਸਟਰ ਡਿਗਰੀ ਹੈ। ਇਸ ਦੇ ਇਲਾਵਾ ਸਿੰਘ ਦੇ ਸ਼ਿਕਾਗੋ ਆਉਣ ਦਾ ਕਾਰਨ ਫਿਲਹਾਲ ਅਸਪੱਸ਼ਟ ਹੈ ਅਤੇ ਐਤਵਾਰ ਦੀ ਸੁਣਵਾਈ ਦੌਰਾਨ ਜੱਜ ਨੇ ਸਿੰਘ ਦੀ ਜ਼ਮਾਨਤ ਲਈ 1000 ਡਾਲਰ ਸ਼ਰਤ ਰੱਖਣ ਦੇ ਨਾਲ ਦੁਬਾਰਾ ਉਸਦੇ ਓਹਾਰੇ ਇੰਟਰਨੈਸ਼ਨਲ ਏਅਰਪੋਰਟ "ਚ ਆਉਣ ਤੇ ਪਾਬੰਦੀ ਲਗਾਈ ਹੈ।ਇਸ ਦੇ ਇਲਾਵਾ ਅਦਿੱਤਿਆ ਸਿੰਘ ਅਗਲੀ ਸੁਣਵਾਈ ਲਈ 27 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News