ਅਮਰੀਕਾ : ਕਰੰਦਰਜ਼ ਦੇ ਵਿਸਾਖੀ ਮੇਲੇ 'ਤੇ ਚਮਕਿਆ ਪੰਜਾਬੀਅਤ ਦਾ ਅਨੋਖਾ ਰੰਗ

Tuesday, Apr 23, 2019 - 10:33 AM (IST)

ਅਮਰੀਕਾ : ਕਰੰਦਰਜ਼ ਦੇ ਵਿਸਾਖੀ ਮੇਲੇ 'ਤੇ ਚਮਕਿਆ ਪੰਜਾਬੀਅਤ ਦਾ ਅਨੋਖਾ ਰੰਗ

ਫਰਿਜ਼ਨੋ ,(ਨੀਟਾ ਮਾਛੀਕੇ)— ਕੈਲੀਫੋਰਨੀਅਆ ਦੇ ਸ਼ੈਂਟਰਲ ਵੈਲੀ ਵਿਖੇ ਫਰਿਜ਼ਨੋ ਨਜ਼ਦੀਕੀ ਸ਼ਹਿਰ ਹਰਿਆਲੇ ਬਾਗਾ ਦੇ ਸ਼ਹਿਰ ਕਰੰਦਰਜ਼ ਦੇ ਗੁਰੂਘਰ ਦੀਆਂ ਖੁੱਲ੍ਹੀਆਂ ਗਰਾਊਂਡਾਂ ਵਿੱਚ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹੋਏ 26ਵਾਂ ਵਿਸਾਖੀ ਮੇਲਾ ਬੜੇ ਜੋਸ਼ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਗੁਰੂਘਰ ਵਿੱਚ ਧਾਰਮਿਕ ਪ੍ਰੋਗਰਾਮਾਂ ਦਾ ਆਗਾਜ਼ ਕੀਤਾ ਗਿਆ। ਖੇਡਾਂ ਨੂੰ ਮੁੱਖ ਰੱਖਦੇ ਹੋਏ ਮੇਲੇ ਦੌਰਾਨ ਬੱਚਿਆਂ ਤੋਂ ਬਜ਼ੁਰਗਾਂ ਦੀਆਂ ਦੌੜਾਂ ਦੇ ਮੁਕਾਬਲੇ ਹੋਏ। ਬੱਚਿਆਂ ਵੱਲੋਂ ਬਾਸਕਟ ਬਾਲ ਦੇ ਮੈਚ ਵੀ ਹੋਏ। ਇਸ ਉਪਰੰਤ ਲੱਗੇ ਮੇਲੇ ਵਿੱਚ ਬਹੁਤ ਸਾਰੇ ਵੱਖ-ਵੱਖ ਖਾਣਿਆਂ ਦੇ ਸਟਾਲ ਲੱਗੇ। ਖੇਡਾਂ ਅਤੇ ਡਾਕਟਰੀ ਕੈਂਪ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

PunjabKesari

ਦਸਤਾਰ ਸਜਾਉਣ ਅਤੇ ਲੰਮੇ ਕੇਸ ਦੇ ਮੁਕਾਬਲੇ ਵੀ ਹੋਏ। ਇਸ ਤੋਂ ਇਲਾਵਾ ਸੋਹਣੀਆਂ ਦਸਤਾਰਾਂ ਅਤੇ ਚੁੰਨੀਆਂ ਨਾਲ ਰੰਗਦਾਰ ਪੁਸ਼ਾਕਾਂ ਵਿੱਚ ਇੱਧਰ-ਉੱਧਰ ਜਾ ਰਹੇ ਲੋਕ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰ ਰਹੇ ਸਨ। ਮੇਲੇ ਦੀ ਸ਼ੁਰੂਆਤ ਯਮਲਾ ਜੱਟ ਦੇ ਸ਼ਗਿਰਦ ਗਾਇਕ ਰਾਜ ਬਰਾੜ ਨੇ ਕੀਤੀ। ਉਪਰੰਤ ਕਵੀਸ਼ਰੀ ਜੱਥੇ ਨੇ ਵੀਰ ਰਸ ਬੰਨ੍ਹਿਆ। ਜੀ.ਐਚ.ਜੀ. ਅਕੈਡਮੀ ਵਲੋਂ ਗਿੱਧੇ-ਭੰਗੜੇ ਦੀਆਂ ਬਹੁਤ ਸਾਰੀਆਂ ਟੀਮਾਂ ਨੇ ਸ਼ਿਰਕਤ ਕਰਕੇ ਪੰਜਾਬੀਅਤ ਦਾ ਰੰਗ ਬੰਨ੍ਹਿਆ।

PunjabKesari

ਪ੍ਰਬੰਧਕਾਂ ਵੱਲੋਂ ਫਰੀ ਪਾਰਕਿੰਗ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ। ਇਸ ਸਮੇਂ ਕਬੱਡੀ ਦੇ ਮੈਚ, ਰੱਸਾਕਸੀ ਅਤੇ ਦੌੜਾਂ ਆਦਿਕ ਖੇਡਾਂ ਖਿੱਚ ਦਾ ਕਾਰਨ ਰਹੀਆਂ। ਇਸ ਤੋਂ ਇਲਾਵਾ ਸਾਹਿਤਕਤਾ ਵੱਲ ਵਧਦੇ ਹੋਏ ਸ਼ਿੰਦਰ ਸਿੰਘ ਮਾਹੀ ਦੀ ਪੁਸਤਕ 'ਆਓ ਪੰਜਾਬ ਬਚਾਈਏ', ਮਲਕੀਤ ਮੀਤ ਦੀ ਪੁਸਤਕ 'ਕੀ ਰੱਬ ਮਰ ਗਿਐ' ਅਤੇ ਆਸ਼ਾ ਸ਼ਰਮਾ ਵਲੋਂ ਸੰਪਾਦਿਤ ਮੈਗਜ਼ੀਨ 'ਸੂਰਜ' ਲੋਕ ਅਰਪਣ ਕੀਤੇ ਗਏ। ਜੀ. ਐਚ. ਜੀ. ਅਕੈਡਮੀ ਨੇ ਆਪਣੇ ਹੋਣ ਵਾਲੇ ਸਲਾਨਾ ਯੁਵਕ ਮੇਲੇ ਦਾ ਪੋਸਟਰ ਰਲੀਜ਼ ਕੀਤਾ। ਆਸੀਆਨਾ ਟਰੈਵਲ ਏਜੰਸੀ ਵੱਲੋਂ ਇੰਡੀਆ ਲਈ ਫਰੀ ਟਿਕਟਾਂ ਦੇ ਰੈਫਲ ਕੱਢੇ ਗਏ ਜਦ ਕਿ ਜੀਤ ਗਿੱਲ ਮੋਗਾ ਵੀਡੀਓ ਨੇ ਆਪਣੇ ਬੂਥ ਰਾਹੀਂ ਫਰੀ ਫੋਟੋ ਸੇਵਾਵਾਂ ਦਿੱਤੀਆਂ। ਸਟੇਜ ਸੰਚਾਲਨ ਸ਼੍ਰੀਮਤੀ ਆਸ਼ਾ ਸ਼ਰਮਾ ਅਤੇ ਬਲਵੀਰ ਸਿੰਘ ਢਿੱਲੋਂ ਨੇ ਹਮੇਸ਼ਾ ਵਾਂਗ ਬਹੁਤ ਖੂਬਸੂਰਤ ਸ਼ਾਇਰਾਨਾ ਅੰਦਾਜ਼ ਵਿੱਚ ਬਾਖੂਬੀ ਕੀਤਾ। ਸਮੂਹ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਾਰਾ ਦਿਨ ਚੱਲਿਆ ਇਹ ਵਿਸਾਖੀ ਮੇਲਾ ਅੰਤ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।


Related News