ਅਮਰੀਕਾ ਬੋਲਿਆ- ਪੰਨੂ ਦੀਆਂ ਧਮਕੀਆਂ ਪ੍ਰਵਾਨਯੋਗ ਨਹੀਂ, ਕੈਨੇਡੀਅਨ ਮੰਤਰੀ ਨੇ ਪੁੱਛਿਆ-ਫਿਰ ਕਾਰਵਾਈ ਕਿਉਂ ਨਹੀਂ!
Friday, Nov 10, 2023 - 11:39 AM (IST)
ਅਮਰੀਕਾ - ਅਮਰੀਕਾ ਨੇ ‘ਸਿੱਖਸ ਫਾਰਮ ਜਸਟਿਸ’ ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਏਅਰ ਇੰਡੀਆ ਵਿਰੁੱਧ ਦਿੱਤੀਆਂ ਗਈਆਂ ਧਮਕੀਆਂ ਦੀ ਨਿੰਦਾ ਕੀਤੀ ਹੈ। ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਪੁੱਛੇ ਜਾਣ ’ਤੇ ਕਿ ਕੀ ਅਮਰੀਕਾ ਨੂੰ ਲੱਗਦਾ ਹੈ ਕਿ ਕਿਸੇ ਏਅਰਲਾਈਨ ਨੂੰ ਧਮਕੀ ਦੇਣਾ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਅੱਤਵਾਦ ਦਾ ਗੁਣਗਾਨ ਕਰਨਾ ਸਵੀਕਾਰਯੋਗ ਹੈ ਤਾਂ ਇਸ ’ਤੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਜਵਾਬ ਦਿੱਤਾ ਹੈ ਕਿ ਹਿੰਸਾ ਜਾਂ ਹਿੰਸਾ ਦੀ ਧਮਕੀ ਕਦੇ ਵੀ ਸਵੀਕਾਰ ਨਹੀਂ ਕੀਤੀ ਜਾ ਸਕਦੀ।
ਹਾਲਾਂਕਿ ਕੈਨੇਡਾ ਦੇ ਸਾਬਕਾ ਸੰਘੀ ਮੰਤਰੀ ਉੱਜਵਲ ਦੋਸਾਂਝ ਨੇ ਇਸ ’ਤੇ ਸਵਾਲ ਕਰਦੇ ਹੋਏ ਕਿਹਾ ਹੈ ਕਿ ਫਿਰ ਸੰਯੁਕਤ ਰਾਜ ਅਮਰੀਕਾ ਪੰਨੂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦਾ? ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ’ਚ ਉਡਾਨ ਭਰਨ ਵਾਲੇ ਸਿੱਖ ਅਮਰੀਕੀ ਨਾਗਰਿਕ ਵੀ ਹੋ ਸਕਦੇ ਹਨ ਤਾਂ ਉਨ੍ਹਾਂ ਨੂੰ ਡਰਾਉਣ ਲਈ ਪੰਨੂ ਵਿਰੁੱਧ ਮੁਕੱਦਮਾ ਕਿਉਂ ਨਹੀਂ ਚਲਾਇਆ ਜਾ ਸਕਦਾ?
ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ ਦੇ ਪ੍ਰਧਾਨ ਮੰਤਰੀ ਨੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਨਾਲ ਮਨਾਈ 'ਦੀਵਾਲੀ', ਦਿੱਤੀਆਂ ਸ਼ੁੱਭਕਾਮਨਾਵਾਂ (ਤਸਵੀਰਾਂ)
ਕੈਨੇਡੀਅਨ ਡਿਪਲੋਮੈਟਾਂ ’ਤੇ ਵਰ੍ਹੇ ਦੋਸਾਂਝ
ਦੋਸਾਂਝ ਨੇ ਕਿਹਾ ਹੈ ਕਿ ਖਾਲਿਸਤਾਨੀ ਅੱਤਵਾਦ ਦੇ ਸਾਹਮਣੇ ਅਮਰੀਕਾ ਅਤੇ ਕੈਨੇਡੀਅਨ ਡਿਪਲੋਮੈਟ ਕਾਇਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਹਮਾਸ ਦੀ ਹਮਾਇਤ ’ਚ ਰੈਲੀਆਂ ਕੱਢੀਆਂ ਗਈਆਂ ਅਤੇ ਹਿੰਸਾ ਦਾ ਗੁਣਗਾਨ ਹੋਇਆ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਦੀ ਨਿੰਦਾ ਕਰਨ ’ਚ ਬਹੁਤ ਜਲਦੀ ਕੀਤੀ ਪਰ ਪੰਨੂ ਨੇ ਜੋ ਕਿਹਾ, ਉਸ ਦੀ ਨਿੰਦਾ ਕਰਨ ’ਚ ਉਹ ਖੁਦ ਨੂੰ ਸਮਰੱਥ ਨਹੀਂ ਸਮਝਦੇ। ਦੋਸਾਂਝ ਨੇ ਕਿਹਾ ਕਿ ਇਹ ਮੇਰੇ ਲਈ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਘਟਨਾਕ੍ਰਮ ਹੈ ਕਿ ਮੇਰੇ ਪ੍ਰਧਾਨ ਮੰਤਰੀ ਅਤੇ ਸਿਆਸੀ ਆਗੂ ਅੱਤਵਾਦ ਦੇ ਗੁਣਗਾਨ ਨੂੰ ਉਦੋਂ ਤੱਕ ਗੰਭੀਰਤਾ ਨਾਲ ਨਹੀਂ ਲੈਣਗੇ, ਜਦੋਂ ਇਹ ਕਿਸੇ ਇਕ ਭਾਈਚਾਰੇ ਨੂੰ ਪ੍ਰਭਾਵਿਤ ਕਰਦਾ ਹੈ, ਉਹ ਅਜਿਹਾ ਉਦੋਂ ਕਰਨਗੇ, ਜਦੋਂ ਇਹ ਕਿਸੇ ਹੋਰ ਭਾਈਚਾਰੇ ਨੂੰ ਪ੍ਰਭਾਵਿਤ ਕਰੇਗਾ।
ਅੱਤਵਾਦ ਦੇ ਗੁਣਗਾਨ ਵਿਰੁੱਧ ਕਾਨੂੰਨ ਨਹੀਂ
ਅਨੁਭਵੀ ਕੈਨੇਡੀਅਨ ਪੱਤਰਕਾਰ ਟੇਰੀ ਮਿਲੇਵਸਕੀ ਕਹਿੰਦੇ ਹਨ ਕਿ ਕੈਨੇਡਾ ਨੇ ਅੱਤਵਾਦੀਆਂ ਦੀ ਦਹਿਸ਼ਤ ਦੇ ਗੁਣਗਾਨ ਨੂੰ ਆਮ ਬਣਾ ਦਿੱਤਾ ਹੈ। ਏਅਰ ਇੰਡੀਆ ਕਨਿਸ਼ਕ ’ਚ ਬੰਬ ਬਲਾਸਟ ਦੇ ਮਾਸਟਰਮਾਈਂਡ ਅੱਤਵਾਦੀ ਤਲਵਿੰਦਰ ਪਰਮਾਰ ਦੀਆਂ ਤਸਵੀਰਾਂ ਅਤੇ ਪੋਸਟ ਆਮ ਹੋ ਚੁੱਕੇ ਹਨ। ਉਹ ਕਹਿੰਦੇ ਹਨ ਕਿ ਮੈਂ ਇਸ ਬਾਰੇ 20 ਸਾਲਾਂ ਤੋਂ ਕੁਰਲਾ ਰਿਹਾ ਹਾਂ ਪਰ ਕੋਈ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਕੈਨੇਡਾ ’ਚ ਅੱਤਵਾਦ ਦੇ ਗੁਣਗਾਨ ਵਿਰੁੱਧ ਕੋਈ ਕਾਨੂੰਨ ਨਹੀਂ ਹੈ। ਸਾਡੇ ਕੋਲ ਹਿੰਸਾ ਭੜਕਾਉਣ ਵਿਰੁੱਧ ਇਕ ਕਾਨੂੰਨ ਹੈ ਪਰ ਕੈਨੇਡੀਅਨ ਵਿਧਾਇਕਾਂ ਨੂੰ ਇਹ ਸਪੱਸ਼ਟ ਨਹੀਂ ਹੈ ਕਿ ਅੱਤਵਾਦ ਦਾ ਗੁਣਗਾਨ ਅਕਸਰ ਹਿੰਸਾ ਭੜਕਾਉਣ ਲਈ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤੀਜੇ ਮਹਾਯੁੱਧ ਦੀ ਆਹਟ! ਹੁਣ ਅਮਰੀਕਾ ਨੇ ਸੀਰੀਆ 'ਚ ਕੀਤੇ ਹਵਾਈ ਹਮਲੇ
ਪੰਨੂ ਨੇ ਦਿੱਤੀ ਸੀ ਫਲਾਈਟ ਨੂੰ ਉਡਾਉਣ ਦੀ ਧਮਕੀ
ਦੱਸਣਯੋਗ ਹੈ ਕਿ ਬੀਤੀ 4 ਨਵੰਬਰ ਨੂੰ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਕੇ ਏਅਰ ਇੰਡੀਆ ਦੀ ਫਲਾਈਟ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਉਸ ਨੇ ਸਿੱਖ ਭਾਈਚਾਰੇ ਨੂੰ ਕਿਹਾ ਸੀ ਕਿ ਉਹ 19 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ’ਚ ਸਫ਼ਰ ਨਾ ਕਰਨ, ਕਿਉਂਕਿ ਉਸ ਦਿਨ ਪੂਰੀ ਦੁਨੀਆ ’ਚ ਇਸ ਦੀ ਨਾਕਾਬੰਦੀ ਹੋਵੇਗੀ ਅਤੇ ਏਅਰ ਇੰਡੀਆ ਨੂੰ ਚੱਲਣ ਨਹੀਂ ਦੇਵਾਂਗੇ। ਉਸ ਨੇ ਸਿੱਖ ਭਾਈਚਾਰੇ ਨੂੰ ਕਹਾ ਸੀ ਕਿ ਉਹ ਉਸ ਦਿਨ ਫਲਾਈਟ ’ਚ ਸਫਰ ਨਾ ਕਰਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।