ਅਮਰੀਕਾ ਦਾ ਚੀਨ ’ਤੇ ਵੱਡਾ ਐਕਸ਼ਨ, ਚੀਨੀ ਸਾਮਾਨ ’ਤੇ ਲਾਇਆ 100 ਫ਼ੀਸਦੀ ਟੈਕਸ, ਜੋਅ ਬਾਈਡੇਨ ਨੇ ਆਖੀ ਇਹ ਗੱਲ

Wednesday, May 15, 2024 - 06:02 AM (IST)

ਇੰਟਰਨੈਸ਼ਨਲ ਡੈਸਕ– ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 100 ਫ਼ੀਸਦੀ ਤੱਕ ਦਰਾਮਦ ਟੈਕਸ ਲਗਾਇਆ ਹੈ। ਇਹ ਵੱਖ-ਵੱਖ ਸ਼੍ਰੇਣੀਆਂ ’ਚ ਵੱਖਰਾ ਹੈ। ਇਸ ਨੇ ਜਿਥੇ ਚੀਨ ਲਈ ਇਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਉਥੇ ਹੀ ਇਸ ਨੇ ਚੀਨ ਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਦੇ ਮੁੜ ਸ਼ੁਰੂ ਹੋਣ ਦਾ ਖ਼ਦਸ਼ਾ ਵੀ ਵਧਾ ਦਿੱਤਾ ਹੈ। ਇਸ ਕਾਰਨ ਪਹਿਲਾਂ ਹੀ ਜੰਗ ਤੇ ਅਸਥਿਰਤਾ ਦੇ ਸੰਕਟ ਨਾਲ ਜੂਝ ਰਹੀ ਦੁਨੀਆ ਲਈ ਨਵੇਂ ਆਰਥਿਕ ਸੰਕਟ ਦਾ ਖ਼ਤਰਾ ਵੀ ਵੱਧ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਜਾਣ ਦਾ ਇੰਨਾ ਕ੍ਰੇਜ਼! ਕਿਸੇ ਹੋਰ ਦਾ ਪਾਸਪੋਰਟ ਲੈ ਏਅਪੋਰਟ ਪਹੁੰਚ ਗਿਆ ਨੌਜਵਾਨ, ਫਿਰ...

ਅਮਰੀਕਾ ’ਚ ਇਸ ਸਾਲ ਦੇ ਅਖੀਰ ਤੱਕ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਪ੍ਰਤੀ ਆਪਣੀ ਦੁਸ਼ਮਣੀ ਨੂੰ ਸਾਕਾਰ ਕਰਦਿਆਂ ਚੀਨ ਤੋਂ ਅਮਰੀਕਾ ਪਹੁੰਚਣ ਵਾਲੇ ਵੱਖ-ਵੱਖ ਸਾਮਾਨ ’ਤੇ ਟੈਕਸ ਦਰ ਵਧਾ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਇਸ ਬਾਰੇ ਜਾਣਕਾਰੀ ਵੀ ਦਿੱਤੀ।

ਇਹ ਚੀਨੀ ਸਾਮਾਨ ਹੋਵੇਗਾ ਮਹਿੰਗਾ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੋਸਟ ਮੁਤਾਬਕ ਹੁਣ ਤੋਂ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਤੇ ਐਲੂਮੀਨੀਅਮ ’ਤੇ 25 ਫ਼ੀਸਦੀ ਟੈਕਸ ਲੱਗੇਗਾ, ਜਦਕਿ ਸੈਮੀਕੰਡਕਟਰ 50 ਫ਼ੀਸਦੀ ਟੈਕਸ ਨਾਲ ਅਮਰੀਕਾ ਪਹੁੰਚਣਗੇ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ’ਤੇ 100 ਫ਼ੀਸਦੀ ਟੈਕਸ ਤੇ ਸੋਲਰ ਪੈਨਲਾਂ ’ਤੇ 50 ਫ਼ੀਸਦੀ ਟੈਕਸ ਲੱਗੇਗਾ।

PunjabKesari

ਜੋਅ ਬਾਈਡੇਨ ਨੇ ਸਪੱਸ਼ਟ ਕੀਤਾ ਕਿ ਚੀਨ ਲਗਾਤਾਰ ਇਨ੍ਹਾਂ ਖ਼ੇਤਰਾਂ ’ਚ ਹਾਵੀ ਹੋਣ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਉਹ ਚਾਹੁੰਦੇ ਹਨ ਕਿ ਅਮਰੀਕਾ ਇਨ੍ਹਾਂ ਖ਼ੇਤਰਾਂ ’ਚ ਹਮੇਸ਼ਾ ਅੱਗੇ ਰਹੇ ਤੇ ਦੁਨੀਆ ਦੀ ਅਗਵਾਈ ਕਰੇ।

ਮੰਡਰਾ ਰਿਹਾ ਵਪਾਰ ਯੁੱਧ ਦਾ ਖ਼ਤਰਾ
ਜੋਅ ਬਾਈਡੇਨ ਦੇ ਇਸ ਕਦਮ ਤੋਂ ਬਾਅਦ ਦੁਨੀਆ ਨੂੰ ਇਕ ਵਾਰ ਮੁੜ ਅਮਰੀਕਾ-ਚੀਨ ਵਪਾਰ ਯੁੱਧ ਦਾ ਖ਼ਤਰਾ ਮੰਡਰਾ ਰਿਹਾ ਹੈ। ਜਦੋਂ ਡੋਨਾਲਡ ਟਰੰਪ ਅਮਰੀਕਾ ’ਚ ਸੱਤਾ ’ਚ ਸਨ ਤਾਂ ਦੁਨੀਆ ਨੂੰ ਦੋਵਾਂ ਵਿਚਕਾਰ ਵਪਾਰ ਯੁੱਧ ਦਾ ਸਾਹਮਣਾ ਕਰਨਾ ਪਿਆ ਸੀ। ਇਹ ਵਪਾਰ ਯੁੱਧ ਦਾ ਨਤੀਜਾ ਸੀ ਕਿ ਅਮਰੀਕਾ ’ਚ TikTok ਦੀ ਹਾਲਤ ਵਿਗੜ ਗਈ ਸੀ। ਹਾਲਾਂਕਿ ਬਾਅਦ ’ਚ ਸਰਕਾਰ ਬਦਲਣ ਤੋਂ ਬਾਅਦ ਉਥੇ ਸਥਿਤੀ ’ਚ ਸੁਧਾਰ ਹੋਣਾ ਸ਼ੁਰੂ ਹੋ ਗਿਆ।

ਮੌਜੂਦਾ ਸਮੇਂ ’ਚ ਦੁਨੀਆ ਪਹਿਲਾਂ ਹੀ ਰੂਸ-ਯੂਕ੍ਰੇਨ ਯੁੱਧ, ਇਜ਼ਰਾਈਲ ਤੇ ਫਲਸਤੀਨ ਵਿਚਕਾਰ ਜੰਗ, ਕੋਵਿਡ ਤੋਂ ਬਾਅਦ ਦੇ ਪ੍ਰਭਾਵਾਂ ਤੇ ਪੱਛਮੀ ਏਸ਼ੀਆ ’ਚ ਸੰਕਟ ਨਾਲ ਜੂਝ ਰਹੀ ਹੈ। ਅਜਿਹੇ ’ਚ ਅਮਰੀਕਾ ਤੇ ਚੀਨ ਵਿਚਾਲੇ ਨਵੀਂ ਵਪਾਰ ਜੰਗ ਦੁਨੀਆ ਦੀਆਂ ਆਰਥਿਕ ਮੁਸ਼ਕਿਲਾਂ ਨੂੰ ਵਧਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News