ਅਮਰੀਕਾ : ''ਪ੍ਰਦੇਸੀ ਲਾਈਵ 2019'' ਸ਼ੋਅ ਨੇ ਜਿੱਤੇ ਪ੍ਰਦੇਸੀਆਂ ਦੇ ਦਿਲ

Tuesday, Feb 19, 2019 - 02:38 PM (IST)

ਫਰਿਜ਼ਨੋ, (ਨੀਟਾ ਮਾਛੀਕੇ)— ਟੋਟਲ ਇੰਟਰਟੇਨਮੈਂਟ ਅਤੇ ਅਵਤਾਰ ਲਾਖਾ ਵਲੋਂ 'ਪ੍ਰਦੇਸੀ ਲਾਈਵ 2019' ਟੂਰ ਦਾ ਪਹਿਲਾ ਸ਼ੋਅ ਸਟਾਕਟਨ ਸ਼ਹਿਰ ਵਿੱਚ 'ਯੂਨੀਵਰਸਿਟੀ ਆਫ ਪੈਸੀਫਿਕ' ਦੇ ਥੀਏਟਰ ਵਿੱਚ ਕਰਵਾਇਆ ਗਿਆ। ਇਸ ਸੱਭਿਆਚਾਰਕ ਸੰਗੀਤਕ ਸਮਾਗਮ ਵਿੱਚ ਅਮਰੀਕਾ ਦੇ ਸਥਾਨਕ ਗਾਇਕ ਕਲਾਕਾਰਾਂ ਨੇ ਤਿੰਨ ਘੰਟੇ ਤੋਂ ਵਧੀਕ ਸਰੋਤੇ ਕੀਲੀ ਰੱਖੇ। ਇਸ ਸਮੇਂ ਗਾਇਕਾ ਜੋਤ ਰਣਜੀਤ ਕੌਰ ਨੇ ਸਮਾਗਮ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਨਾਲ ਕੀਤੀ। ਇਸ ਉਪਰੰਤ ਪੰਜਾਬੀ ਦੇ ਗੀਤਕਾਰ ਅਤੇ ਗਾਇਕ ਸੁਖਪਾਲ ਔਜਲਾ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਸਮਾਂ ਬੰਨ੍ਹਿਆ। ਕਾਮੇਡੀਅਨ ਵਿਜੇ ਸਿੰਘ ਨੇ ਆਪਣੀ ਕਮੇਡੀ ਕਲਾ ਰਾਹੀਂ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟਪੋਟ ਕਰ ਦਿੱਤਾ।

ਫਰਿਜ਼ਨੋ ਤੋਂ ਐਕਟਰ ਅਤੇ ਗਾਇਕ ਬਾਈ ਸੁਰਜੀਤ ਮਾਛੀਵਾੜਾ ਦੇ ਸੱਤ ਸਾਲਾ ਬੇਟੇ ਅਮਨਦੀਪ ਨੇ 'ਮਾਹੀਆ' ਗਾ ਕੇ ਦਰਸ਼ਕਾਂ ਤੋਂ ਭਰਪੂਰ ਦਾਦ ਖੱਟੀ। ਇਸ ਪ੍ਰੋਗਰਾਮ ਦੇ ਅੰਤ ਵਿੱਚ ਉੱਘੇ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ ਨੇ ਆਪਣੇ ਬਹੁਤ ਹੀ ਭਾਵਪੂਰਤ ਅਤੇ ਜਜ਼ਬਾਤੀ ਗੀਤਾਂ ਰਾਹੀਂ ਪ੍ਰਦੇਸਾਂ ਵਿੱਚ ਬੈਠੇ ਦੇਸ਼ ਨੂੰ ਯਾਦ ਕਰ ਰਹੇ ਦਰਸ਼ਕਾਂ ਦੇ ਮਨ ਮੋਹ ਲਏ।  ਇਸ ਦੌਰਾਨ ਸਮਾਜਿਕ ਰਿਸ਼ਤਿਆਂ ਦੀ ਬਾਤ ਪਾਉਂਦੀ ਥਾਂਦੀ ਦੀ ਸ਼ਾਇਰੀ ਸਰੋਤਿਆਂ ਦੀਆਂ ਅੱਖਾਂ ਨਮ ਕਰ ਗਈ। ਪ੍ਰੋਗਰਾਮ ਦੀ ਸਮਾਪਤੀ 'ਤੇ 'ਟੋਟਲ ਇੰਟਰਟੇਨਮੈਂਟ' ਦੇ ਮੁੱਖ ਪ੍ਰਬੰਧਕ ਅਵਤਾਰ ਲਾਖਾ ਨੇ 'ਸਮਾਜ ਸੇਵੀ ਸੰਸਥਾ ਸਹਾਇਤਾ' ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਹੋਮਲੈੱਸ ਸ਼ੈਲਟਰ ਸਟਾਕਟਨ ਵਿੱਚ ਪਿਛਲੇ ਚਾਰ ਸਾਲਾਂ ਤੋਂ ਲੋੜਵੰਦਾਂ ਲਈ ਲੰਗਰ ਦੀ ਸੇਵਾ ਕਰਦੇ ਆ ਰਹੇ ਰਾਜਿੰਦਰ ਸਿੰਘ ਟਾਂਡਾ ਨੂੰ ਰਾਜਿੰਦਰ ਸਿੰਘ ਸੇਖੋਂ ਨੇ ਸਨਮਾਨਿਤ ਕੀਤਾ। ਸਟੇਜ ਸੰਚਾਲਨ ਜਸਵੰਤ ਸਿੰਘ ਸ਼ਾਦ ਨੇ ਹਮੇਸ਼ਾ ਵਾਂਗ ਬਾਖੂਬੀ ਨਿਭਾਇਆ। ਸਹਿਯੋਗੀ ਪਤਵੰਤੇ ਸੱਜਣਾਂ ਵਿੱਚ ਹਰਪਾਲ ਸਿੰਘ, ਗੁਰਪਿਆਰ ਸਿੰਘ ਸਿੱਧੂ, ਜਤਿੰਦਰ ਰਾਜੂ,  ਭੁਪਿੰਦਰ ਸਿੰਘ ਸੰਧੂ,  ਵਿਜੇ ਵਿਜ, ਜਸਵਿੰਦਰ ਸੰਧੂ, ਗੁੱਲੂ ਬਰਾੜ , ਜਸਵੰਤ ਮਹਿਮੀ, ਗੁਰੀ ਕੰਗ, ਇੰਦਰਜੀਤ ਕੈਲੀਰਾਏ, ਸੈਮ ਸੰਧੂ, ਜੱਸ ਔਲਖ, ਜਗਮੀਤ ਜੋਸਨ,  ਦਿਲ ਨਿੱਝਰ, ਇੰਦਰਜੀਤ ਗਰੇਵਾਲ, ਗੋਗੀ ਸੰਧੂ, ਕਮਲ ਬੰਗਾ, ਤੀਰਥ ਸੋਹਲ , ਹਰਦੀਪ ਭਲਵਾਨ, ਸਰੂਪ ਸਿੰਘ ਝੱਜ, ਸੁੱਖੀ ਧਾਲੀਵਾਲ ਅਤੇ ਮਨਦੀਪ ਅਟਵਾਲ ਆਦਿ ਪਹੁੰਚੇ ਹੋਏ ਸਨ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।


Related News