ਅਮਰੀਕਾ 'ਚ ਮੁੜ ਪੈਰ ਪਸਾਰਨ ਲੱਗਾ 'ਕੋਰੋਨਾ', ਇਕ ਦਿਨ 'ਚ ਸਾਹਮਣੇ ਆਏ 1 ਲੱਖ ਤੋਂ ਵੱਧ ਮਾਮਲੇ (ਵੀਡੀਓ)

Wednesday, Jul 28, 2021 - 03:29 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਵਿਚ ਮੰਗਲਵਾਰ ਨੂੰ 1,00,000 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਰਿਪੋਰਟ ਕੀਤੇ ਗਏ। ਕੋਵਿਡ ਦੇ ਮਾਮਲੇ ਵਧਣ ਕਾਰਨ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਉੱਥੇ ਸੰਘੀ ਅਧਿਕਾਰੀਆਂ ਨੇ ਜਨਤਕ ਥਾਵਾਂ 'ਤੇ ਮਾਸਕ ਪਾਉਣ ਸੰਬੰਧੀ ਨਵੇਂ ਨਿਯਮ ਬਣਾ ਦਿੱਤੇ ਹਨ। ਅਮਰੀਕਾ ਦੇ ਵਿਭਿੰਨ ਸਿਹਤ ਵਿਭਾਗਾਂ ਵੱਲੋਂ ਜਾਰੀ ਕੀਤੇ ਗਏ ਡਾਟਾ ਮੁਤਾਬਕ ਅਮਰੀਕਾ ਵਿਚ 1,06,084 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਪਿਛਲੇ ਹਫ਼ਤੇ ਦੀ ਤੁਲਨਾ ਵਿਚ ਇਸ ਹਫ਼ਤੇ ਨਵੇਂ ਮਾਮਲਿਆਂ ਵਿਚ 73 ਫੀਸਦੀ ਦਾ ਵਾਧਾ ਹੋਇਆ ਹੈ।

ਸਭ ਤੋਂ ਵੱਧ ਨਵੇਂ ਮਾਮਲੇ ਰਿਪੋਰਟ ਕੀਤੇ ਜਾਣ ਵਾਲੇ ਰਾਜਾਂ ਵਿਚ ਫਲੋਰੀਡਾ (38,321), ਟੈਕਸਾਸ (8,642), ਕੈਲੀਫੋਰਨੀਆ (7,731), ਲੂਸੀਆਨਾ (6.818), ਜਾਰਜੀਆ (3,587), ਯੂਟਾਹ (2,882), ਅਲਬਾਮਾ (2,667) ਅਤੇ ਮਿਸੌਰੀ (2,414) ਸ਼ਾਮਲ ਹਨ। ਦੈਨਿਕ ਮਾਮਲਿਆਂ ਦਾ ਇਕ ਹਫ਼ਤੇ ਦੀ ਔਸਤ 62,411 ਹੈ ਜੋ ਇਕ ਮਹੀਨੇ ਪਹਿਲਾਂ 12,648 ਸੀ। ਜ਼ਿਆਦਾਤਰ ਨਵੇਂ ਮਾਮਲੇ ਫਲੋਰੀਡਾ ਵਿਚ ਰਿਪੋਰਟ ਕੀਤੇ ਗਏ ਹਨ ਜਿੱਥੇ ਇਕ ਦਿਨ ਵਿਚ ਰਿਕਾਰਡ ਕੋਰੋਨਾ ਕੇਸ ਸਾਹਮਣੇ ਆਏ ਹਨ। ਅਮਰੀਕਾ ਵਿਚ ਕਰੀਬ 4 ਲੱਖ ਕੋਰੋਨਾ ਮਰੀਜ਼ ਹਸਪਤਾਲ ਵਿਚ ਦਾਖਲ ਹਨ ਜੋ ਜਨਵਰੀ ਵਿਚ ਕੋਰੋਨਾ ਦੇ ਸਿਖਰ ਤੋਂ ਘੱਟ ਹਨ।

ਪੜ੍ਹੋ ਇਹ ਅਹਿਮ ਖਬਰ -ਸਾਊਦੀ ਦੀ ਨਾਗਰਿਕਾਂ 'ਤੇ ਸਖ਼ਤੀ, ਭਾਰਤ ਸਮੇਤ 'ਰੈੱਡ ਲਿਸਟ' ਵਾਲੇ ਦੇਸ਼ਾਂ 'ਚ ਜਾਣ 'ਤੇ ਲੱਗੇਗਾ 3 ਸਾਲ ਬੈਨ

ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੀ.ਡੀ.ਸੀ. ਡਾਇਰੈਕਟਰ ਰੋਸ਼ੇਲ ਵਾਲੇਂਸਕੀ ਨੇ ਸਾਰੇ ਅਮਰੀਕੀ ਨਾਗਰਿਕਾਂ ਨੂੰ ਉੱਚ ਜ਼ੋਖਮ ਵਾਲੇ ਖੇਤਰਾਂ ਵਿਚ ਜਨਤਕ ਤੌਰ 'ਤੇ ਮਾਸਕ ਪਾਉਣ ਦੀ ਅਪੀਲ ਕੀਤੀ।ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਮੂਲ ਵਾਇਰਸ ਤੋਂ ਵੱਧ ਛੂਤਕਾਰੀ ਅਤੇ ਖਤਰਨਾਕ ਹੈ। ਤੇਜ਼ ਗਤੀ ਨਾਲ ਟੀਕਾਕਰਨ ਵਾਲੇ ਦੇਸ਼ਾਂ ਵਿਚ ਇਸ ਦੇ ਮਾਮਲੇ ਵਧੇ ਹਨ। ਉੱਥੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਨਾਲ ਮੌਤ ਦੇ ਮਾਮਲਿਆਂ ਵਿਚ ਵਾਧੇ ਕਾਰਨ ਟੀਕਾਕਰਨ ਪ੍ਰੋਗਰਾਮ ਵਿਚ ਕਮੀ ਆਈ ਹੈ। ਇਸ ਲਈ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।


author

Vandana

Content Editor

Related News