ਭਾਰਤੀ-ਅਮਰੀਕੀ ਜੋੜੇ ਨੇ ਮੈਡੀਕਲ ਕਾਲਜ ਨੂੰ ਦਾਨ ਕੀਤੇ 1775 ਕਰੋੜ ਰੁਪਏ
Sunday, Sep 15, 2019 - 05:18 PM (IST)

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੇ ਡਾਕਟਰ ਜੋੜੇ ਕਿਰਨ ਸੀ. ਪਟੇਲ ਅਤੇ ਪੱਲਵੀ ਪਟੇਲ ਨੇ ਮੈਡੀਕਲ ਕਾਲਜ ਨੂੰ ਵੱਡਾ ਦਾਨ ਦਿੱਤਾ ਹੈ। ਪਟੇਲ ਜੋੜੇ ਨੇ ਫਲੋਰੀਡਾ ਸੂਬੇ ਵਿਚ ਤਿਆਰ ਮੈਡੀਕਲ ਕਾਲਜ ਨੂੰ 25 ਕਰੋੜ ਡਾਲਰ ਮਤਲਬ 1775 ਕਰੋੜ ਰੁਪਏ ਦਾਨ ਵਿਚ ਦਿੱਤੇ ਹਨ। ਭਾਰਤੀ ਮੂਲ ਦੇ ਕਿਸੇ ਜੋੜੇ ਵੱਲੋਂ ਅਮਰੀਕਾ ਵਿਚ ਦਿੱਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ। ਸ਼ਨੀਵਾਰ ਨੂੰ ਨੋਵਾ ਸਾਊਥਈਸਟਰਨ ਯੂਨੀਵਰਸਿਟੀ (ਐੱਨ.ਐੱਸ.ਯੂ.) ਦੇ ਤੰਪਾ ਬੇਅ ਸਥਿਤ ਨਵੇਂ ਮੈਡੀਕਲ ਕਾਲਜ ਦਾ ਉਦਘਾਟਨ ਡਾਕਟਰ ਜੋੜੇ ਦੇ ਹੱਥੀਂ ਹੋਇਆ।
ਜ਼ਾਂਬੀਆ ਵਿਚ ਜਨਮੇ ਅਤੇ ਭਾਰਤ ਵਿਚ ਪੜ੍ਹਾਈ ਕਰਨ ਵਾਲੇ ਡਾਕਟਰ ਕਿਰਨ ਪਟੇਲ ਦਿਲ ਦੇ ਰੋਗਾਂ ਦੇ ਮਾਹਰ ਹਨ। ਜਦਕਿ ਪਤਨੀ ਡਾਕਟਰ ਪੱਲਵੀ ਪਟੇਲ ਬਾਗ ਵਿਚ ਰੋਗ ਮਾਹਰ ਹੈ। ਨਵਾਂ ਮੈਡੀਕਲ ਕਾਲਜ 3 ਲੱਖ ਵਰਗ ਫੁੱਟ ਦੇ ਕੈਂਪਸ ਵਿਚ ਬਣਿਆ ਹੋਇਆ ਹੈ ਜੋ ਐੱਨ.ਐੱਸ.ਯੂ. ਦੇ 4 ਹੋਰ ਕਾਲਜਾਂ ਦਾ ਸੈਟੇਲਾਈਟ ਕੇਂਦਰ ਵੀ ਰਹੇਗਾ। ਇਨ੍ਹਾਂ ਵਿਚ ਜੋੜੇ ਦੇ ਨਾਮ 'ਤੇ ਬਣੇ ਡਾਕਟਰ ਪੱਲਵੀ ਪਟੇਲ ਕਾਲਜ ਆਫ ਹੈਲਥਕੇਅਰ ਸਾਇੰਸੇਜ ਅਤੇ ਡਾਕਟਰ ਕਿਰਨ ਸੀ ਪਟੇਲ ਕਾਲਜ ਆਫ ਓਸਟੀਓਪੈਥਿਕ ਮੈਡੀਸਨ ਸ਼ਾਮਲ ਹੈ।
ਉਦਘਾਟਨ ਮੌਕੇ ਕਿਰਨ ਪਟੇਲ ਨੇ ਕਿਹਾ,''ਦੁਨੀਆ ਵਿਚ ਇਸ ਤਰੀਕੇ ਨਾਲ ਯੋਗਦਾਨ ਦੇਣ ਦਾ ਮੌਕਾ ਪ੍ਰਾਪਤ ਹੋਣਾ ਸ਼ਾਨਦਾਰ ਹੈ। ਲੋਕਾਂ ਦੀ ਜ਼ਿੰਦਗੀ ਵਿਚ ਪਰਿਵਰਤਨ ਲਿਆਉਣ ਦੇ ਸਮਰੱਥ ਹੋਣਾ ਇਕ ਸਨਮਾਨ ਦੀ ਗੱਲ ਹੈ।'' ਜਾਣਕਾਰੀ ਮੁਤਾਬਕ ਨਵੇਂ ਕਾਲਜ ਵਿਚ ਓਸਟੀਓਪੈਥਿਕ ਮੈਡੀਸਨ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ।