ਜਾਪਾਨੀ ਫਲਾਈਟ ''ਚ ਹੋਈ ਦੇਰੀ ਤਾਂ ਅਮਰੀਕਾ ਨੇ ਠੋਕਿਆ 2 ਕਰੋੜ ਰੁਪਏ ਜੁਰਮਾਨਾ

Saturday, Sep 14, 2019 - 04:41 PM (IST)

ਜਾਪਾਨੀ ਫਲਾਈਟ ''ਚ ਹੋਈ ਦੇਰੀ ਤਾਂ ਅਮਰੀਕਾ ਨੇ ਠੋਕਿਆ 2 ਕਰੋੜ ਰੁਪਏ ਜੁਰਮਾਨਾ

ਵਾਸ਼ਿੰਗਟਨ— ਅਮਰੀਕੀ ਸਰਕਾਰ ਨੇ ਫਲਾਈਟ 'ਚ ਦੇਰੀ ਹੋਣ ਦੇ ਕਾਰਨ ਜਾਪਾਨੀ ਏਅਰਲਾਈਨ 'ਤੇ 2.13 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਫਲਾਈਟ 'ਚ ਦੇਰੀ ਹੋਣ ਦੇ ਕਾਰਨ ਯਾਤਰੀਆਂ ਨੂੰ ਏਅਰਪੋਰਟ 'ਤੇ ਖੜ੍ਹੇ ਜਹਾਜ਼ 'ਚ ਕੁਝ ਘੰਟੇ ਬਿਤਾਉਣੇ ਪਏ ਸਨ।

ਅਮਰੀਕੀ ਆਵਾਜਾਈ ਵਿਭਾਗ ਦੇ ਨਾਲ ਹੋਏ ਸਮਝੌਤੇ ਮੁਤਾਬਕ ਏਅਰਲਾਈਨ ਨੂੰ 42 ਲੱਖ ਰੁਪਏ ਉਧਾਰ ਦਿੱਤੇ ਜਾਂਦੇ ਹਨ ਤਾਂ ਕਿ ਅਜਿਹੇ ਵੇਲੇ 'ਚ ਯਾਤਰੀਆਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਹਾਲਾਂਕਿ ਆਵਾਜਾਈ ਵਿਭਾਗ ਨੇ ਏਅਰਲਾਈਨ ਨੂੰ ਥੋੜੀ ਰਾਹਤ ਵੀ ਦੇ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਜੇਕਰ ਏਅਰਲਾਈਨ ਇਕ ਸਾਲ ਦੇ ਅੰਦਰ ਇਸ ਤਰ੍ਹਾਂ ਦੀ ਗਲਤੀ ਨੂੰ ਨਹੀਂ ਦੁਹਰਾਉਂਦੀ ਤਾਂ ਜੁਰਮਾਨੇ ਦੀ ਰਾਸ਼ੀ 'ਚੋਂ 85 ਲੱਖ ਰੁਪਏ ਮੁਆਫ ਕਰ ਦਿੱਤੇ ਜਾਣਗੇ।

ਆਵਾਜਾਈ ਵਿਭਾਗ ਨੇ ਦੱਸਿਆ ਕਿ ਖਰਾਬ ਮੌਸਮ ਦੇ ਕਾਰਨ ਇਸ ਸਾਲ ਚਾਰ ਜਨਵਰੀ ਨੂੰ ਟੋਕੀਓ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ਸ਼ਿਕਾਗੋ 'ਚ ਲੈਂਡ ਕਰਵਾਉਣੀ ਪਈ ਸੀ। ਇਸ ਕਾਰਨ ਫਲਾਈਟ ਚਾਰ ਘੰਟਿਆਂ ਤੋਂ ਜ਼ਿਆਦਾ ਸਮਾਂ ਲੇਟ ਹੋ ਗਈ ਤੇ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਜਹਾਜ਼ 'ਚ ਬੈਠਣਾ ਪਿਆ। ਅਜਿਹੀ ਸਥਿਤੀ 'ਚ ਏਅਰਲਾਈਨ ਸਟਾਫ ਨੂੰ ਚਾਹੀਦਾ ਸੀ ਕਿ ਉਹ ਸਾਰੇ ਯਾਤਰੀਆਂ ਦੀ ਮਦਦ ਕਰਦੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ 14 ਮਈ ਨੂੰ ਵੀ ਟੋਕੀਓ-ਨਿਊਯਾਰਕ ਫਲਾਈਟ ਨੂੰ ਵਾਸ਼ਿੰਗਟਨ ਦੇ ਕੋਲ ਡਲਾਸ ਏਅਰਪੋਰਟ 'ਤੇ ਡਾਈਵਰਟ ਕਰ ਦਿੱਤਾ ਗਿਆ ਸੀ, ਜਿਥੇ ਯਾਤਰੀ ਪੰਜ ਘੰਟੇ ਤੱਕ ਫਸੇ ਰਹੇ। ਇਕ ਪਾਸੇ ਕਰੂ ਮੈਂਬਰਾਂ ਦੀ ਸ਼ਿਫਟ ਖਤਮ ਹੋ ਰਹੀ ਸੀ ਤੇ ਦੂਜੇ ਪਾਸੇ ਫਲਾਈਟ 'ਚ ਤੇਲ ਭਰਿਆ ਜਾ ਰਿਹਾ ਸੀ ਤੇ ਯਾਤਰੀ ਪਰੇਸ਼ਾਨ ਸਨ। ਇਸ ਦੌਰਾਨ ਫਲਾਈਟ ਨੂੰ ਨਿਊਯਾਰਕ ਪਹੁੰਚਣ 'ਚ ਦੇਰ ਹੋ ਗਈ।

ਇਸ ਘਟਨਾ ਤੋਂ ਬਾਅਦ ਯਾਤਰੀਆਂ ਨੇ ਜਾਪਾਨ ਏਅਰਲਾਈਨ ਖਿਲਾਫ ਸ਼ਿਕਾਇਤ ਕਰ ਦਿੱਤੀ, ਜਿਸ ਨੂੰ ਲੈ ਕੇ ਅਮਰੀਕੀ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ। ਹਾਲਾਂਕਿ ਏਅਰਲਾਈਨ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਸਬੰਧੀ ਦਿੱਕਤਾਂ ਦੇ ਕਾਰਨ ਫਲਾਈਟ 'ਚ ਦੇਰੀ ਹੋਈ।


author

Baljit Singh

Content Editor

Related News