ਤੇਜ਼ ਗਤੀ ਨਾਲ ਚੱਲ ਰਹੀ ਕਾਰ 'ਚ ਸੁੱਤੇ ਰਹੇ ਸ਼ਖਸ, ਵੀਡੀਓ ਵਾਇਰਲ

Wednesday, Sep 11, 2019 - 01:41 PM (IST)

ਤੇਜ਼ ਗਤੀ ਨਾਲ ਚੱਲ ਰਹੀ ਕਾਰ 'ਚ ਸੁੱਤੇ ਰਹੇ ਸ਼ਖਸ, ਵੀਡੀਓ ਵਾਇਰਲ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸ਼ਹਿਰ ਬੋਸਟਨ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਸ਼ਖਸ ਆਟੋ ਪਾਇਲਟ ਮੋਡ ਵਿਚ 90 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀ ਕਾਰ ਵਿਚ ਸੌਂ ਗਏ। ਮੈਸਾਚੁਸੇਟਸ ਦੇ ਇਕ ਸ਼ਖਸ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਟੇਸਲਾ ਕਾਰ ਵਿਚ ਸਵਾਰ ਡਰਾਈਵਰ ਅਤੇ ਪੈਸੇਂਜਰ ਸੌਂ ਰਹੇ ਹਨ ਅਤੇ ਗੱਡੀ ਤੇਜ਼ ਗਤੀ ਨਾਲ ਚੱਲ ਰਹੀ ਹੈ। ਆਪਣੀ ਕਾਰ ਵਿਚ ਸਵਾਰ ਸ਼ਖਸ ਨੇ ਟੇਸਲਾ ਕਾਰ ਵਿਚ ਸਵਾਰ ਲੋਕਾਂ ਨੂੰ ਕਈ ਵਾਰ ਹੌਰਨ ਵਜਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਆਰਾਮ ਨਾਲ ਸੁੱਤੇ ਰਹੇ।

 

ਮੀਡੀਆ ਵਿਚ ਜਾਰੀ ਰਿਪੋਰਟਾਂ ਮੁਤਾਬਕ ਵੀਡੀਓ ਸ਼ੂਟ ਕਰਨ ਵਾਲੇ ਸ਼ਖਸ ਦਾ ਨਾਮ ਰੈਂਡਲ ਹੈ ਅਤੇ ਉਹ ਇਕ ਖੇਡ ਪੱਤਰਕਾਰ ਹੈ। ਉਨ੍ਹਾਂ ਨੇ ਇਸ ਪੂਰੀ ਘਟਨਾ ਦਾ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਲਿਖਿਆ,''ਕੁਝ ਲੋਕ ਤੇਜ਼ ਗਤੀ ਨਾਲ ਚੱਲ ਰਹੀ ਕਾਰ ਵਿਚ ਸੁੱਤੇ ਪਾਏ ਗਏ। ਮੈਂ ਕਈ ਵਾਰ ਹੌਰਨ ਵਜਾ ਕੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ।'' ਇਸ ਮਗਰੋਂ ਇਕ ਨਿਊਜ਼ ਚੈਨਲ ਨਾਲ ਹੋਈ ਗੱਲਬਾਤ ਵਿਚ ਰੈਂਡਲ ਨੇ ਕਿਹਾ,''ਮੈਂ ਜਦੋਂ ਚੱਲਦੀ ਕਾਰ ਵਿਚ ਦੋਹਾਂ ਨੂੰ ਸੁੱਤੇ ਦੇਖਿਆ ਤਾਂ ਖੁਦ ਨੂੰ ਰੋਕ ਨਹੀਂ ਸਕਿਆ ਅਤੇ ਉਨ੍ਹਾਂ ਨੂੰ ਜਗਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਅਣਡਿੱਠਾ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਉਨ੍ਹਾਂ ਨੂੰ ਜਗਾਉਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ।''

PunjabKesari

ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਲੋਕਾਂ ਨੇ ਇਸ ਨੂੰ ਨਕਲੀ ਕਰਾਰ ਦਿੱਤਾ। ਉੱਥੇ ਟੇਸਲਾ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਇਕ ਖਤਰਨਾਕ ਮਜ਼ਾਕ ਹੈ। ਬੁਲਾਰੇ ਮੁਤਾਬਕ ਟੇਸਲਾ ਦਾ ਡਰਾਈਵਿੰਗ ਮਾਨੀਟਿਰਿੰਗ ਸਿਸਟਮ ਲਗਾਤਾਰ ਡਰਾਈਵਰ ਨੂੰ ਚਿਤਾਵਨੀ ਦਿੰਦਾ ਰਹਿੰਦਾ ਹੈ ਕਿ ਉਹ ਐਕਟਿਵ ਰਹੇ ਅਤੇ ਜਦੋਂ ਚਿਤਾਵਨੀ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਤਾਂ ਫਿਰ ਕਾਰ ਦਾ ਸਾਫਟਵੇਅਰ ਕਾਰ ਨੂੰ ਆਟੋ ਪਾਇਲਟ ਮੋਡ 'ਤੇ ਜਾਣ ਤੋਂ ਰੋਕਦਾ ਹੈ। ਉੱਥੇ ਬੋਸਟਨ ਪੁਲਸ ਦਾ ਕਹਿਣਾ ਹੈ ਕਿ ਉਹ ਟੇਸਲਾ ਡਰਾਈਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਇੱਥੇ ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਜੂਨ 2019 ਵਿਚ ਵੀ ਟੇਸਲਾ ਦਾ ਡਰਾਈਵਰ ਦੱਖਣੀ ਕੈਲੀਫੋਰਨੀਆ ਰੋਡ 'ਤੇ 48 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀ ਕਾਰ ਵਿਚ ਸੁੱਤਾ ਪਾਇਆ ਗਿਆ ਸੀ। ਇਸ ਸਬੰਧੀ ਵੀਡੀਓ ਵੀ ਕਾਰ ਵਿਚ ਸਵਾਰ ਇਕ ਸ਼ਖਸ ਨੇ ਬਣਾਈ ਸੀ। ਜਿਸ ਦੇ ਬਾਅਦ ਵਿਚ ਦੱਸਿਆ ਗਿਆ ਕਿ ਉਹ ਕਾਰ ਵੀ ਆਟੋ ਪਾਇਲਟ ਮੋਡ 'ਤੇ ਸੀ।


author

Vandana

Content Editor

Related News