ਸ਼ਖਸ ਨੇ 5 ਸਾਲ ਦੇ ਬੱਚੇ ਨੂੰ ਬਾਲਕੋਨੀ ''ਚੋਂ ਸੁੱਟਿਆ, ਮਿਲੇਗੀ ਸਜ਼ਾ

05/15/2019 2:19:17 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਮਿਨੇਸੋਟਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ 5 ਸਾਲ ਦੇ ਬੱਚੇ ਨੂੰ ਸਿਰਫ ਇਸ ਲਈ ਮਾਲ ਦੀ ਬਾਲਕੋਨੀ ਵਿਚੋਂ ਸੁੱਟ ਦਿੱਤਾ ਕਿਉਂਕਿ ਜ਼ਿਆਦਾਤਰ ਔਰਤਾਂ ਨੇ ਉਸ ਨੂੰ ਠੁਕਰਾ ਦਿੱਤਾ ਸੀ। ਉਸ ਨੇ ਕਾਫੀ ਔਰਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਪਰ ਹਰ ਵਾਰ ਅਸਫਲ ਰਿਹਾ। ਉੱਧਰ ਬੱਚੇ ਦੀ ਹਾਲਤ ਗੰਭੀਰ ਹੈ ਅਤੇ ਹਸਪਤਾਲ ਵਿਚ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੋਸ਼ੀ ਇਮੈਨੁਅਲ ਅਰਾਂਡਾ (24) ਮਿਨੇਪੋਲਿਸ ਦਾ ਰਹਿਣ ਵਾਲਾ ਹੈ।

19 ਸਾਲ ਲਈ ਹੋਵੇਗੀ ਸਜ਼ਾ
ਮੰਗਲਵਾਰ ਨੂੰ ਅਰਾਂਡਾ ਨੇ ਮਾਲ ਆਫ ਅਮਰੀਕਾ ਦੀ ਬਾਲਕੋਨੀ ਤੋਂ 5 ਸਾਲ ਦੇ ਬੱਚੇ ਨੂੰ ਹੇਠਾਂ ਸੁੱਟਣ ਦੀ ਗੱਲ ਸਵੀਕਾਰ ਕੀਤੀ। ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਪਿਛਲੇ ਮਹੀਨੇ ਬੱਚੇ ਨੂੰ 40 ਫੁੱਟ ਮਤਲਬ 12 ਮੀਟਰ ਦੀ ਉਚਾਈ ਤੋਂ ਹੇਠਾਂ ਸੁੱਟਿਆ ਸੀ। ਉਸ ਸਮੇਂ ਅਰਾਂਡਾ ਇਕ ਮਹਿਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮਹਿਲਾ ਨੇ ਉਸ ਨੂੰ ਠੁਕਰਾ ਦਿੱਤਾ। ਇਸ ਕਾਰਨ ਉਸ ਨੂੰ ਗੁੱਸਾ ਆ ਗਿਆ। ਅਰਾਂਡਾ ਮੁਤਾਬਕ ਪਹਿਲਾਂ ਉਸ ਨੇ ਮਹਿਲਾ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਉਸ ਨੇ ਆਪਣਾ ਇਰਾਦਾ ਬਦਲ ਲਿਆ ਅਤੇ ਬੱਚੇ ਨੂੰ ਹੇਠਾਂ ਸੁੱਟ ਦਿੱਤਾ। 

ਬੱਚੇ ਦੀ ਜਾਨ ਤਾਂ ਬਚ ਗਈ ਪਰ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਅਰਾਂਡਾ ਨੂੰ 3 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ 19 ਸਾਲ ਤੱਕ ਜੇਲ ਵਿਚ ਰਹਿਣਾ ਪਵੇਗਾ। ਹੇਨਿਨਪਿਨ ਕਾਊਂਟੀ ਡਿਸਟ੍ਰਿਕਟ ਕੋਰਟ ਵਿਚ ਅਰਾਂਡਾ ਦੇ ਮਾਮਲੇ ਦੀ ਸੁਣਵਾਈ ਹੋਈ। ਜ਼ਿਲਾ ਅਟਾਰਨੀ ਦੇ ਦਫਤਰ ਦੇ ਬੁਲਾਰੇ ਚੁਕ ਲਾਸਵੇਸਕੀ ਨੇ ਦੱਸਿਆ ਕਿ ਅਰਾਂਡਾ 19 ਸਾਲ ਦੀ ਸਜ਼ਾ 'ਤੇ ਸਹਿਮਤ ਹੈ। ਉਸ ਨੂੰ ਫਸਟ ਡਿਗਰੀ ਮਰਡਰ ਦਾ ਦੋਸ਼ੀ ਪਾਇਆ ਗਿਆ ਹੈ। ਇਸ ਲਈ ਘੱਟੋ-ਘੱਟ 20 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ।

ਮਾਲ 'ਚ ਦਾਖਲ ਹੋਣ 'ਤੇ ਪਾਬੰਦੀ
ਅਰਾਂਡਾ ਦੇ ਵਕੀਲ ਵੱਲੋਂ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਅਰਾਂਡਾ ਨੂੰ ਦੋ ਮਿਲੀਅਨ ਡਾਲਰ ਦਾ ਬੌਂਡ ਵੀ ਭਰਨਾ ਪਵੇਗਾ। ਅਰਾਂਡਾ ਮਾਨਸਿਕ ਬੀਮਾਰੀ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਇਕ ਵਾਰ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਘਟਨਾ ਤੋਂ ਪਹਿਲਾਂ ਸਾਲ 2015 ਵਿਚ ਅਰਾਂਡਾ ਨੇ ਇਸੇ ਮਾਲ ਵਿਚ ਦੋ ਵਾਰ ਲੋਕਾਂ 'ਤੇ ਹਮਲਾ ਕੀਤਾ ਸੀ। ਇਕ ਵਾਰ ਤਾਂ ਉਸ ਦੇ ਮਾਲ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਬੱਚੇ ਨੂੰ ਫੰਡ ਜ਼ਰੀਏ ਪਹੁੰਚਾਈ ਗਈ ਮਦਦ
ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਇਲਾਜ ਲਈ ਗੋ ਫੰਡ ਮੁਹਿੰਮ ਜ਼ਰੀਏ ਮਦਦ ਪਹੁੰਚਾਈ ਗਈ। ਜਾਣਕਾਰੀ ਮੁਤਾਬਕ ਹੁਣ ਤੱਕ ਇਕ ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਇਲਾਜ ਲਈ ਆ ਚੁੱਕੀ ਹੈ। ਗੋ ਫੰਡ 'ਤੇ 'ਹੈਲਪ ਫੌਰ ਲੈਂਡੇਨ' ਨਾਮ ਦੀ ਇਕ ਮੁਹਿੰਮ ਚਲਾਈ ਗਈ ਹੈ। ਲੈਂਡੇਨ ਜ਼ਖਮੀ ਹੋਏ ਬੱਚੇ ਦਾ ਨਾਮ ਹੈ। ਪਿਛਲੇ ਮਹੀਨੇ ਲੈਂਡੇਨ ਦੀ ਹਾਲਤ ਵਿਚ ਥੋੜ੍ਹਾ ਸੁਧਾਰ ਹੋਇਆ। ਲੈਂਡੇਨ ਨੂੰ ਫੁੱਟਬਾਲ ਖੇਡਣਾ ਪਸੰਦ ਹੈ। ਉਹ ਆਪਣੇ ਭੈਣ-ਭਰਾਵਾਂ ਨਾਲ ਹਾਕੀ ਵੀ ਖੇਡਦਾ ਹੈ।


Vandana

Content Editor

Related News