US : ਔਰਤ ਨੇ ਸਪੇਸ ਮਿਸ਼ਨ ਕਰਕੇ ਨਹੀਂ ਕੀਤਾ ਵਿਆਹ, ਹੁਣ ਪੂਰਾ ਹੋਵੇਗਾ ਸੁਪਨਾ

07/08/2019 2:57:14 PM

ਵਾਸ਼ਿੰਗਟਨ— ਕਈ ਵਾਰ ਕੁਝ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੱਡੀਆਂ ਕੁਰਬਾਨੀਆਂ ਦੇ ਦਿੰਦੇ ਹਨ। 80 ਸਾਲ ਦੀ ਵੈਲੀ ਫੰਕ 'ਵਰਜਿਨ ਗੈਲੇਕਿਟਕ' ਦੇ ਪਹਿਲੇ ਸਪੇਸ ਟੂਰ 'ਚ ਸ਼ਾਮਲ ਹੋਵੇਗੀ, ਜਿਸ ਦਾ ਉਹ ਪਿਛਲੇ 60 ਸਾਲਾਂ ਤੋਂ ਇੰਤਜ਼ਾਰ ਕਰ ਰਹੀ ਸੀ। ਹਾਲ ਹੀ 'ਚ ਉਨ੍ਹਾਂ ਦੇ ਸੰਘਰਸ਼ 'ਤੇ 'ਵੈਲੀ ਫੰਕਸ ਰੇਸ ਫਾਰ ਸਪੇਸ : ਦਿ ਐਕਸਟ੍ਰਾ ਆਰਡੀਨਰੀ ਜਰਨੀ ਆਫ ਏ ਫੀਮੇਲ ਐਵੀਏਸ਼ਨ ਪਾਓਨਿਅਰ' ਨਾਂ ਦੀ ਕਿਤਾਬ ਬਾਜ਼ਾਰ 'ਚ ਆਈ ਹੈ। ਵੈਲੀ ਨੇ ਦੱਸਿਆ ਕਿ ਇਸ ਸੁਪਨੇ ਨੂੰ ਸੱਚ ਕਰਨ ਲਈ ਉਸ ਨੇ ਵਿਆਹ ਵੀ ਨਹੀਂ ਕੀਤਾ। ਉਹ ਬੱਚਿਆਂ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ 'ਚ ਬੱਝ ਜਾਂਦੀ ਤਾਂ ਇਸ ਰਸਤੇ 'ਤੇ ਅੱਗੇ ਨਹੀਂ ਵਧ ਸਕਦੀ ਸੀ। 80 ਸਾਲ ਦੀ ਹੋਣ ਜਾ ਰਹੀ ਵੈਲੀ ਦੇ ਚਿਹਰੇ 'ਤੇ ਜ਼ਰਾ ਵੀ ਥਕਾਵਟ ਨਹੀਂ ਦਿਖਾਈ ਦਿੰਦੀ। 

ਉਸ 'ਚ ਇੰਨਾ ਕੁ ਜੋਸ਼ ਹੈ ਕਿ ਉਸ ਨੂੰ ਮੌਕਾ ਮਿਲੇ ਤੇ ਉਹ ਸਪੇਸ ਲਈ ਰਵਾਨਾ ਹੋ ਜਾਵੇਗੀ। ਉਸ ਨੇ 1.40 ਕਰੋੜ ਰੁਪਏ ਖਰਚ ਕੇ ਵਰਜਿਨ ਕੰਪਨੀ ਦੇ ਸਪੇਸ ਟੂਰ ਦੀ ਟਿਕਟ ਲਈ ਹੈ। ਅਸਲ 'ਚ ਉਹ 9 ਸਾਲ ਦੀ ਉਮਰ ਤੋਂ ਫਲਾਇੰਗ ਨੂੰ ਲੈ ਕੇ ਸੁਪਨੇ ਸਜਾ ਰਹੀ ਸੀ। ਵੱਡੀ ਹੋ ਕੇ ਉਸ ਨੇ ਮਿਸੌਰੀ ਦੇ ਸਟੀਫਨ ਕਾਲਜ ਤੋਂ ਫਲਾਇੰਗ ਲਾਇਸੈਂਸ ਮਿਲਣ ਦੇ ਬਾਅਦ ਹੀ ਜਹਾਜ਼ ਉਡਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਬਾਅਦ ਓਕਲਾਹੋਮਾ ਯੂਨੀਵਰਸਿਟੀ ਚਲੀ ਗਈ ਕਿਉਂਕਿ ਉੱਥੇ ਐਵੀਏਸ਼ਨ ਟੀਮ ਸੀ। 

ਵੈਲੀ ਨੇ ਦੱਸਿਆ ਕਿ ਜਦ ਉਹ 22 ਸਾਲ ਦੀ ਸੀ ਤਾਂ ਇਕ ਪ੍ਰੋਜੈਕਟ ਤਹਿਤ ਉਸ ਦਾ ਸੁਪਨਾ ਸੱਚ ਹੋਣ ਦੀ ਸ਼ੁਰੂਆਤ ਹੋਈ। ਇਸ ਗਰੁੱਪ 'ਚ 25 ਤੋਂ 40 ਸਾਲ ਦੀਆਂ ਔਰਤਾਂ ਸਨ। ਵੈਲੀ ਨੇ ਕੰਨਾਂ 'ਚ ਬਰਫੀਲਾ ਪਾਣੀ ਪੁਆਉਣ ਅਤੇ ਬਿਜਲੀ ਦੇ ਝਟਕਿਆਂ ਵਾਲੇ ਕਈ ਟੈਸਟ ਪਾਸ ਕਰ ਲਏ ਪਰ ਜਦ ਉਸ ਦਾ ਸੁਪਨਾ ਸੱਚ ਹੋਣ ਦਾ ਮੌਕਾ ਆਇਆ ਤਾਂ ਨਾਸਾ ਨੇ ਪ੍ਰੋਗਰਾਮ ਕੈਂਸਲ ਕਰ ਦਿੱਤਾ। ਤਰਕ ਦਿੱਤਾ ਗਿਆ ਕਿ ਔਰਤਾਂ ਨੂੰ ਅਜਿਹੇ ਪ੍ਰੋਜੈਕਟਾਂ 'ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮਗਰੋਂ ਵੀ ਉਸ ਨੇ ਹਿੰਮਤ ਨਾ ਹਾਰੀ। ਕਈ ਸਾਲਾਂ ਤਕ ਉਹ ਨਾਸਾ ਨੂੰ ਆਪਣੀ ਸਮਰੱਥਾ ਬਾਰੇ ਦੱਸਦੀ ਰਹੀ। 1971 'ਚ ਫੈਡਰੇਸ਼ਨ ਐਵੀਏਸ਼ਨ ਅਥਾਰਟੀ 'ਚ ਉਹ ਪਹਿਲੀ ਮਹਿਲਾ ਇੰਸਪੈਕਟਰ ਬਣੀ। ਹੁਣ ਉਹ ਅਕਸਰ ਕਹਿੰਦੀ ਹੈ ਕਿ ਪੁਰਸ਼ਾਂ ਦੇ ਇਸ ਸਮਾਜ 'ਚ ਔਰਤਾਂ ਆਪਣੀ ਸਮਰੱਥਾ ਰਾਹੀਂ ਹੀ ਜਿੱਤ ਸਕਦੀਆਂ ਹਨ। ਔਰਤਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਕਦੇ ਹਾਰ ਨਹੀਂ ਮੰਨਣੀ ਚਾਹੀਦੀ।
ਅਜੇ ਵੀ ਉਹ ਫਲਾਇੰਗ ਇੰਸਟ੍ਰਕਟਰ ਦੇ ਤੌਰ 'ਤੇ ਕੰਮ ਕਰ ਰਹੀ ਹੈ।


Related News