ਲਾਈਵ ਬਹਿਸ ਦੌਰਾਨ ਆਹਮੋ-ਸਾਹਮਣੇ ਹੋਈਆਂ ਤੁਲਸੀ ਅਤੇ ਕਮਲਾ (ਵੀਡੀਓ)

Thursday, Nov 21, 2019 - 02:37 PM (IST)

ਲਾਈਵ ਬਹਿਸ ਦੌਰਾਨ ਆਹਮੋ-ਸਾਹਮਣੇ ਹੋਈਆਂ ਤੁਲਸੀ ਅਤੇ ਕਮਲਾ (ਵੀਡੀਓ)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਬਹਿਸ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਡੈਮੋਕ੍ਰੇਟਸ ਪਾਰਟੀ ਦੀ ਪੰਜਵੀ ਬਹਿਸ ਵਿਚ ਭਾਰਤੀ ਮੂਲ ਦੀਆਂ ਦੋ ਮਹਿਲਾ ਉਮੀਦਵਾਰ ਆਪਸ ਵਿਚ ਬਹਿਸ ਪਈਆਂ। ਸੈਨੇਟਰ ਕਮਲਾ ਹੈਰਿਸ ਅਤੇ ਕਾਂਗਰਸਵੁਮੈਨ ਤੁਲਸੀ ਗੈਬਾਰਡ ਦੇ ਵਿਚ ਤਿੱਖੀ ਬਹਿਸ ਹੋਈ, ਜਿਸ ਸਬੰਧੀ ਵੀਡੀਓ ਵਾਇਰਲ ਹੋ ਰਿਹਾ ਹੈ। ਅਸਲ ਵਿਚ ਬਹਿਸ ਦੀ ਸ਼ੁਰੂਆਤ ਵਿਚ ਜਦੋਂ ਤੁਲਸੀ ਗੈਬਾਰਡ ਨੇ ਆਪਣਾ ਪੱਖ ਰੱਖਿਆ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੀ ਹੈ ਤਾਂ ਮਿਡਲ ਈਸਟ ਵਿਚ ਹਰ ਵਾਰ ਅਮਰੀਕੀ ਫੌਜ ਨੂੰ ਭੇਜਿਆ ਨਹੀਂ ਜਾਵੇਗਾ। ਜਿੱਥੇ ਲੋੜ ਹੋਵੇਗੀ ਉੱਥੇ ਫੌਜ ਭੇਜਣ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਦੀ ਕਾਫੀ ਆਲੋਚਨਾ ਕੀਤੀ।

 

ਇਸ ਦੇ ਬਾਅਦ ਸੈਨੇਟਰ ਕਮਲਾ ਹੈਰਿਸ ਨੇ ਤੁਲਸੀ ਗੈਬਾਰਡ ਦੇ ਤਰਕਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਪੂਰਾ ਇਤਿਹਾਸ ਹੀ ਫਰੋਲ ਦਿੱਤਾ। ਉਨ੍ਹਾਂ ਨੇ ਕਿਹਾ,''ਸਾਡੇ ਨਾਲ ਅੱਜ ਸਟੇਜ 'ਤੇ ਉਹ ਹਨ ਜੋ ਓਬਾਮਾ ਸਰਕਾਰ ਦੀ ਲਗਾਤਾਰ ਆਲੋਚਨਾ ਕਰਦੀ ਰਹੀ। ਜਦਕਿ ਉਹ ਵੀ ਸਾਡੀ ਹੀ ਪਾਰਟੀ ਦੀ ਸਰਕਾਰ ਸੀ। ਫੋਕਸ ਨਿਊਜ਼ 'ਤੇ ਬੈਠ ਕੇ ਉਨ੍ਹਾਂ ਨੇ ਸਿਰਫ ਆਲੋਚਨਾ ਹੀ ਕੀਤੀ ਹੈ। ਇੰਨ੍ਹਾ ਹੀ ਨਹੀਂ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਚੁਣੇ ਗਏ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਤੁਲਸੀ ਹੀ ਸਭ ਤੋਂ ਅੱਗੇ ਸੀ ਜਦਕਿ ਟਰੰਪ ਨੇ ਉਦੋਂ ਤੱਕ ਸਹੁੰ ਨਹੀਂ ਚੁੱਕੀ ਸੀ।''

ਜਦੋਂ ਕਮਲਾ ਹੈਰਿਸ ਇਹ ਜਵਾਬ ਦੇ ਰਹੀ ਸੀ ਤਾਂ ਤੁਲਸੀ ਗੈਬਾਰਡ ਲਗਾਤਾਰ ਵਿਚ-ਵਿਚ ਕੁਮੈਂਟ ਕਰ ਰਹੀ ਸੀ ਕਿ ਇਹ ਸਭ ਬਕਵਾਸ ਹੈ। ਕਮਲਾ ਹੈਰਿਸ ਨੇ ਕਿਹਾ ਕਿ ਹੁਣ ਲੋੜ ਹੈ ਕਿ ਡੈਮੋਕ੍ਰੇਟਸ  ਵੱਲੋਂ ਅਜਿਹਾ ਇਨਸਾਨ ਅੱਗੇ ਆਵੇ ਜੋ ਕਿ ਟਰੰਪ ਦੀਆਂ ਨੀਤੀਆਂ ਦੀਆਂ ਧੱਜੀਆਂ ਉਡਾ ਸਕੇ। ਕਮਲਾ ਹੈਰਿਸ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਤੁਲਸੀ ਗੈਬਾਰਡ ਨੇ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਇਕ ਵਿਅਕਤੀ ਲਗਾਤਾਰ ਸਟੇਜ 'ਤੇ ਝੂਠ ਬੋਲ ਰਿਹਾ ਹੈ। ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਵਿਦੇਸ਼ੀ ਮਾਮਲਿਆਂ ਵਿਚ ਮੇਰੀਆਂ ਨੀਤੀਆਂ ਵੱਡੀ ਤਬਦੀਲੀ ਲਿਆ ਸਕਦੀਆਂ ਹਨ। ਗੌਰਤਲਬ ਹੈ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਾਲੇ ਪਾਰਟੀ ਪੱਧਰ 'ਤੇ ਬਹਿਸ ਚੱਲ ਰਹੀ ਹੈ। ਪਹਿਲਾਂ ਪਾਰਟੀ ਪੱਧਰ ਦੀ ਬਹਿਸ ਹੋਵੇਗੀ ਜਿਸ ਦੇ ਬਾਅਦ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਬਹਿਸ ਹੋਵੇਗੀ।


author

Vandana

Content Editor

Related News