ਵ੍ਹਾਈਟ ਹਾਊਸ ''ਚ ਚੂਹਿਆਂ ਦੀ ਦਹਿਸ਼ਤ, ਤਸਵੀਰਾਂ ਤੇ ਵੀਡੀਓ ਵਾਇਰਲ

10/02/2019 9:23:00 AM

ਵਾਸ਼ਿੰਗਟਨ (ਬਿਊਰੋ)— ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਮਰੀਕੀ ਰਾਸ਼ਟਰਪਤੀ ਦੇ ਘਰ ਵਿਚ ਚੂਹਿਆਂ ਦੀ ਦਹਿਸ਼ਤ ਹੈ। ਵ੍ਹਾਈਟ ਹਾਊਸ ਦੀ ਛੱਤ ਤੋਂ ਇਕ ਚੂਹਾ ਡਿੱਗਣ 'ਤੇ ਮੰਗਲਵਾਰ ਨੂੰ ਪੱਤਰਕਾਰ ਹੈਰਾਨ ਰਹਿ ਗਏ। ਇਕ ਚੂਹਾ ਕਰੀਬ 10:45 ਵਜੇ ਐੱਨ.ਬੀ.ਸੀ. ਨਿਊਜ਼ ਵ੍ਹਾਈਟ ਹਾਊਸ ਦੇ ਪੱਤਰਕਾਰ ਪੀਟਰ ਅਲੈਗਜ਼ੈਂਡਰ ਦੀ ਗੋਦੀ ਵਿਚ ਡਿੱਗ ਪਿਆ। ਅਖੀਰ ਵਿਚ ਚੂਹਾ ਇਕ ਸ਼ੈਲਫ ਹੇਠਾਂ ਉਲਝੀਆਂ ਹੋਈਆਂ ਤਾਰਾਂ ਵਿਚ ਜਾ ਕੇ ਲੁੱਕ ਗਿਆ। 

 

ਚੂਹੇ ਦੇ ਅਚਾਨਕ ਪੱਤਰਕਾਰ ਦੀ ਗੋਦੀ ਵਿਚ ਡਿੱਗਣ ਨਾਲ ਨੇੜੇ ਬੈਠੇ ਦੂਜੇ ਪੱਤਰਕਾਰ ਡਰ ਗਏ ਅਤੇ ਉੱਥੇ ਹਫੜਾ-ਦਫੜੀ ਮਚ ਗਈ। ਜਦਕਿ ਕੁਝ ਪੱਤਰਕਾਰ ਚੂਹੇ ਨੂੰ ਭਜਾਉਣ ਅਤੇ ਫੜਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੇ ਬਾਅਦ ਚੂਹਾ ਪ੍ਰੈੱਸ ਏਰੀਆ ਤੋਂ ਹੁੰਦੇ ਹੋਏ ਬ੍ਰੀਫਿੰਗ ਰੂਮ ਵੱਲ ਚਲਾ ਗਿਆ ਅਤੇ ਗਾਇਬ ਹੋ ਗਿਆ। ਇਸ ਮਾਮਲੇ ਵਿਚ ਵ੍ਹਾਈਟ ਹਾਊਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

 

ਸੋਸ਼ਲ ਮੀਡੀਆ 'ਤੇ ਚੂਹੇ ਦੀ ਤਸਵੀਰ ਅਤੇ ਫਿਰ ਉਸ ਨੂੰ ਫੜਨ ਦੀ ਕੀਤੀ ਗਈ ਕੋਸ਼ਿਸ਼ ਨੂੰ ਲੈ ਕੇ ਕਈ ਟਵੀਟਸ ਅਤੇ ਕੁਮੈਂਟਸ ਕੀਤੇ ਗਏ। 23ਵੇਂ ਰਾਸ਼ਟਰਪਤੀ ਬੇਂਜਾਮਿਨ ਹੈਰੀਸਨ ਦੀ ਪਤਨੀ ਕੈਰੋਲੀਨ ਨੇ ਇਕ ਵਾਰ ਕਿਹਾ ਸੀ,''ਚੂਹਿਆਂ ਨੇ ਇਮਾਰਤ 'ਤੇ ਕਬਜ਼ਾ ਕਰ ਲਿਆ ਹੈ। ਇਸ ਲਈ ਉਨ੍ਹਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਚੂਹਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ  ਅਤੇ ਉਹ ਇੰਨੇ ਦਲੇਰ ਹੋ ਗਏ ਹਨ ਕਿ ਉਹ ਮੇਜ ਦੇ ਉੱਪਰ ਵੀ ਮਿਲ ਜਾਂਦੇ ਹਨ।''

PunjabKesari

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2017 ਵਿਚ ਕਿਹਾ ਸੀ,''ਵ੍ਹਾਈਟ ਹਾਊਸ ਇਕ ਵਾਸਤਵਿਕ 'ਡੰਪ' (ਕੂੜਾਘਰ) ਹੈ।'' ਗੌਰਤਲਬ ਹੈ ਕਿ ਵ੍ਹਾਈਟ ਹਾਊਸ ਅਤੇ ਲਾਫਾਯੇਟ ਸਕਵਾਇਰ ਦੀ ਦੇਖਭਾਲ ਰਾਸ਼ਟਰੀ ਪਾਰਕ ਸੇਵਾ ਵੱਲੋਂ ਕੀਤੀ ਜਾਂਦੀ ਹੈ ਜੋ ਹਫਤਾਵਰੀ ਰੂਪ ਵਿਚ ਚੂਹਿਆਂ ਨੂੰ ਭਜਾਉਣ ਲਈ ਸਫਾਈ ਮੁਹਿੰਮ ਚਲਾਉਂਦਾ ਹੈ।


Vandana

Content Editor

Related News