ਅਮਰੀਕਾ : ਭਾਰਤੀ ਮੂਲ ਦੇ ਪੁਲਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

Thursday, Dec 27, 2018 - 12:47 PM (IST)

ਅਮਰੀਕਾ : ਭਾਰਤੀ ਮੂਲ ਦੇ ਪੁਲਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਭਾਰਤੀ ਮੂਲ ਦੇ ਇਕ 33 ਸਾਲਾ ਪੁਲਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨਿਊਮੇਨ ਪੁਲਸ ਵਿਭਾਗ ਦੇ ਰੋਨਿਲ ਸਿੰਘ ਦੇ ਰੂਪ ਵਿਚ ਹੋਈ ਹੈ। ਕ੍ਰਿਸਮਸ ਦੀ ਰਾਤ ਘਟਨਾ ਸਮੇਂ ਰੋਨਿਲ ਓਵਰਟਾਈਮ ਕਰ ਰਹੇ ਸਨ। ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾਸ ਕਾਊਂਟੀ ਸ਼ੇਰਿਫਜ਼ ਵਿਭਾਗ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,''ਘਟਨਾ ਦੇ ਕੁਝ ਸਮੇਂ ਬਾਅਦ ਹੀ ਰੇਡੀਓ 'ਤੇ ਉਨ੍ਹਾਂ ਦੀ ਮੌਤ ਦੀ ਖਬਰ ਦੇ ਦਿੱਤੀ ਗਈ।'' ਗੋਲੀ ਲੱਗਣ ਦੇ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 

ਪੁਲਸ ਦੇ ਆਉਣ ਤੋਂ ਪਹਿਲਾਂ ਹੀ ਅਣਜਾਣ ਹਮਲਾਵਰ ਉੱਥੋਂ ਭੱਜਣ ਵਿਚ ਸਫਲ ਰਿਹਾ। ਮਾਮਲੇ ਦੀ ਜਾਂਚ ਕਰ ਰਹੇ ਵਿਭਾਗ ਨੇ ਸ਼ੱਕੀ ਅਤੇ ਉਸ ਦੀ ਗੱਡੀ ਦੀ ਫੁਟੇਜ ਜਾਰੀ ਕਰ ਕੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਰੋਨਿਲ ਸਿੰਘ 7 ਸਾਲ ਤੋਂ ਨਿਊਮੇਨ ਪੁਲਸ ਵਿਭਾਗ ਵਿਚ ਕੰਮ ਕਰ ਰਹੇ ਸਨ। ਨਿਊਮੇਨ ਪੁਲਸ ਵਿਭਾਗ  ਤੋਂ ਪਹਿਲਾਂ ਉਹ ਮਸਰਡ ਕਾਊਂਟੀ ਸ਼ੇਰਿਫਜ਼ ਵਿਭਾਗ ਵਿਚ ਤਾਇਨਾਤ ਸਨ। ਰੋਨਿਲ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ 5 ਮਹੀਨੇ ਦਾ ਬੇਟਾ ਹੈ। ਇਕ ਰਿਪੋਰਟ ਮੁਤਾਬਕ ਰੋਨਿਲ ਫਿਜੀ ਦੇ ਰਹਿਣ ਵਾਲੇ ਸਨ। ਕੈਲੀਫੋਰਨੀਆ ਦੇ ਗਵਰਨਰ ਐਡਮੰਡ ਬ੍ਰਾਊਨ ਦੇ ਇਲਾਵਾ ਨਿਊਯਾਰਕ ਪੁਲਸ ਕਮਿਸ਼ਨਰ ਅਤੇ ਇੰਡੀਅਨ ਆਫਿਸਰਜ਼ ਸੋਸਾਇਟੀ ਨੇ ਵੀ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।


author

Vandana

Content Editor

Related News