10 ਸਾਲ ਦੀ ਬੱਚੀ ਨੂੰ ਪਿਤਾ ਨੇ ਇੰਝ ਸਿਖਾਇਆ ਸਬਕ
Sunday, Dec 09, 2018 - 02:17 PM (IST)
![10 ਸਾਲ ਦੀ ਬੱਚੀ ਨੂੰ ਪਿਤਾ ਨੇ ਇੰਝ ਸਿਖਾਇਆ ਸਬਕ](https://static.jagbani.com/multimedia/2018_12image_14_14_179120000a1.jpg)
ਵਾਸ਼ਿੰਗਟਨ (ਬਿਊਰੋ)— ਬੱਚੇ ਅਕਸਰ ਸ਼ਰਾਰਤਾਂ ਕਰਦੇ ਰਹਿੰਦੇ ਹਨ। ਬੱਚਿਆਂ ਦੀਆਂ ਕੁਝ ਸ਼ਰਾਰਤਾਂ ਤਾਂ ਪਿਆਰੀਆਂ ਹੁੰਦੀਆਂ ਹਨ ਪਰ ਕੁਝ ਮਾਮਲਿਆਂ ਵਿਚ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ। ਅਮਰੀਕਾ ਦੇ ਓਹੀਓ ਸੂਬੇ ਵਿਚ ਰਹਿੰਦੇ ਇਕ ਪਿਤਾ ਨੇ ਆਪਣੀ 10 ਸਾਲ ਦੀ ਬੱਚੀ ਨੂੰ ਸਬਕ ਸਿਖਾਉਣ ਦਾ ਅਨੋਖਾ ਤਰੀਕਾ ਵਰਤਿਆ। ਬੱਚੀ ਦੇ ਪਿਤਾ ਨੇ 2 ਡਿਗਰੀ ਸੈਲਸੀਅਸ ਵਾਲੇ ਮੌਸਮ ਵਿਚ ਉਸ ਨੂੰ 8 ਕਿਲੋਮੀਟਰ ਪੈਦਲ ਚੱਲਣ ਲਈ ਮਜਬੂਰ ਕੀਤਾ। ਬੱਚੀ 8 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਪਹੁੰਚੀ। ਜਦਕਿ ਉਸ ਦਾ ਪਿਤਾ ਉਸ ਦੇ ਪਿੱਛੇ-ਪਿੱਛੇ ਕਾਰ ਵਿਚ ਸੀ।
ਬੁਲੀਇੰਗ (ਦੂਜੇ ਵਿਦਿਆਰਥੀਆਂ ਨੂੰ ਡਰਾਉਣਾ-ਧਮਕਾਉਣਾ) ਕਰਨ ਦੇ ਦੋਸ਼ਾਂ ਤਹਿਤ ਸਾਲ ਵਿਚ ਲਗਾਤਾਰ ਦੂਜੀ ਵਾਰ ਉਸ ਦੀ ਬੇਟੀ 'ਤੇ ਸਕੂਲ ਬੱਸ ਵਿਚ ਬੈਠਣ 'ਤੇ 3 ਦਿਨ ਲਈ ਪਾਬੰਦੀ ਲਗਾਈ ਗਈ ਸੀ। ਇਸੇ ਕਾਰਨ ਪਿਤਾ ਮੈਟ ਕੌਕਸ ਨੇ ਬੇਟੀ ਨੂੰ ਸਬਕ ਸਿਖਾਉਣ ਅਤੇ ਸਜ਼ਾ ਦੇਣ ਦੇ ਇਰਾਦੇ ਨਾਲ ਉਸ ਨੂੰ ਠੰਡ ਵਿਚ ਪੈਦਲ ਚੱਲਣ ਲਈ ਮਜਬੂਰ ਕੀਤਾ। ਪਿਤਾ ਨੇ ਕਾਰ ਵਿਚ ਬੈਠਿਆਂ ਹੀ ਕੁਮੈਂਟਰੀ ਕਰਦਿਆਂ ਘਟਨਾ ਦਾ ਵੀਡੀਓ ਬਣਾਇਆ। ਉਨ੍ਹਾਂ ਨੇ ਫੇਸਬੁੱਕ 'ਤੇ ਵੀਡੀਓ ਅਪਲੋਡ ਕਰਦਿਆਂ ਲਿਖਿਆ ਕਿ ਕਿਸੇ ਵੀ ਜਗ੍ਹਾ 'ਤੇ ਬੁਲੀਇੰਗ ਨਹੀਂ ਹੋਣੀ ਚਾਹੀਦੀ।
ਪਿਤਾ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਮਾਤਾ-ਪਿਤਾ ਨੂੰ ਇਹ ਕਾਰਵਾਈ ਪਸੰਦ ਨਹੀਂ ਆਵੇਗੀ। ਪਰ ਇਹ ਠੀਕ ਹੈ। ਇਸ ਵੀਡੀਓ ਨੂੰ ਹੁਣ ਤੱਕ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਮੈਟ ਕੌਕਸ ਨੇ ਕਿਹਾ ਕਿ ਬੱਚੇ ਆਪਣਾ ਅਧਿਕਾਰ ਸਮਝਦੇ ਹਨ ਕਿ ਮਾਤਾ-ਪਿਤਾ ਉਨ੍ਹਾਂ ਨੂੰ ਕਾਰ ਵਿਚ ਸਕੂਲ ਛੱਡਣ ਜਾਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਬੁਲੀਇੰਗ ਬਿਲਕੁੱਲ ਵੀ ਸਵੀਕਾਰ ਨਹੀਂ ਕੀਤੀ ਜਾਵੇਗੀ।