ਭਾਰਤੀ ਬੱਚੀ ਗੁਰਪ੍ਰੀਤ ਦੀ ਮਾਂ ਨੇ ਕਿਹਾ- ਉਸ ਲਈ ਚਾਹੁੰਦੇ ਸੀ ਬਿਹਤਰ ਜ਼ਿੰਦਗੀ

Tuesday, Jun 25, 2019 - 03:07 PM (IST)

ਭਾਰਤੀ ਬੱਚੀ ਗੁਰਪ੍ਰੀਤ ਦੀ ਮਾਂ ਨੇ ਕਿਹਾ- ਉਸ ਲਈ ਚਾਹੁੰਦੇ ਸੀ ਬਿਹਤਰ ਜ਼ਿੰਦਗੀ

ਵਾਸ਼ਿੰਗਟਨ (ਭਾਸ਼ਾ)— ਬੀਤੇ ਦਿਨੀਂ ਅਮਰੀਕਾ-ਮੈਕਸੀਕੋ ਸਰਹੱਦ 'ਤੇ ਲੂ ਲੱਗਣ ਨਾਲ 6 ਸਾਲਾ ਭਾਰਤੀ ਬੱਚੀ ਗੁਰਪ੍ਰੀਤ ਕੌਰ ਦੀ ਮੌਤ ਹੋ ਗਈ। ਗੁਰਪ੍ਰੀਤ ਦੇ ਮਾਪਿਆਂ ਦਾ ਕਹਿਣਾ ਹੈ,''ਉਨ੍ਹਾਂ ਨੇ ਅਮਰੀਕਾ ਵਿਚ ਸ਼ਰਣ ਇਸ ਲਈ ਮੰਗੀ ਸੀ ਕਿਉਂਕਿ ਉਹ ਆਪਣੀ ਬੱਚੀ ਲਈ ਬਿਹਤਰ ਜ਼ਿੰਦਗੀ ਚਾਹੁੰਦੇ ਸਨ।'' ਮੀਡੀਆ ਖਬਰਾਂ ਮੁਤਾਬਕ 6 ਸਾਲਾ ਗੁਰਪ੍ਰੀਤ ਦੀ ਲਾਸ਼ ਅਮਰੀਕੀ ਸੀਮਾ ਸੁਰੱਖਿਆ ਬਲਾਂ ਨੂੰ ਅਰੀਜ਼ੋਨਾ ਵਿਚ ਲਿਊਕਵਿਲ ਤੋਂ ਕਰੀਬ 27 ਕਿਲੋਮੀਟਰ ਦੂਰ ਪੱਛਮ ਵਿਚ ਮਿਲੀ। ਬੱਚੀ ਦੀ ਮਾਂ ਉਸ ਨੂੰ ਹੋਰ ਪ੍ਰਵਾਸੀਆਂ ਕੋਲ ਛੱਡ ਕੇ ਪਾਣੀ ਦੀ ਤਲਾਸ਼ ਵਿਚ ਗਈ ਸੀ।

ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਗੁਰਪ੍ਰੀਤ ਦੇ ਮਾਤਾ-ਪਿਤਾ ਦਾ ਕਹਿਣਾ ਹੈ,''ਅਸੀਂ ਆਪਣੀ ਬੱਚੀ ਲਈ ਸੁਰੱਖਿਅਤ ਅਤੇ ਬਿਹਤਰ ਜ਼ਿੰਦਗੀ ਚਾਹੁੰਦੇ ਸੀ। ਇਸ ਲਈ ਅਸੀਂ ਅਮਰੀਕਾ ਵਿਚ ਸ਼ਰਨ ਮੰਗਣ ਦਾ ਮੁਸ਼ਕਲ ਫੈਸਲਾ ਲਿਆ।'' ਇਹ ਬਿਆਨ ਅਮਰੀਕੀ ਸਿੱਖ ਕੋਲੀਸ਼ਨ ਦੇ ਮਾਧਿਅਮ ਜ਼ਰੀਏ ਜਾਰੀ ਕੀਤਾ ਗਿਆ। ਬਿਆਨਾਂ ਮੁਤਾਬਕ,''ਸਾਡਾ ਮੰਨਣਾ ਹੈ ਕਿ ਧਰਮ, ਨਸਲ, ਰੰਗ ਤੋਂ ਵੱਖ ਸਾਰੇ ਮਾਪੇ ਸਮਝਣਗੇ ਕਿ ਕੋਈ ਮਾਂ-ਬਾਪ ਜਦੋਂ ਤੱਕ ਜ਼ਿਆਦਾ ਮਜਬੂਰ ਨਾ ਹੋਣ, ਉਦੋਂ ਤੱਕ ਆਪਣੇ ਬੱਚੇ ਨੂੰ ਕਦੇ ਖਤਰਨਾਕ ਰਸਤੇ 'ਤੇ ਨਹੀਂ ਲੈ ਕੇ ਜਾਣਗੇ।'' 

ਸਿੱਖ ਕੋਲੀਸ਼ਨ ਪ੍ਰੋਗਰਾਮ ਦੇ ਨਿਦੇਸ਼ਕ ਮਾਰਕ ਰੀਡਿੰਗ-ਸਮਿਥ ਨੇ ਕਿਹਾ ਕਿ ਬੱਚੀ ਦੇ ਪਿਤਾ ਏ. ਸਿੰਘ 2013 ਤੋਂ ਹੀ ਅਮਰੀਕਾ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਸ਼ਰਨਾਰਥੀ ਐਪਲੀਕੇਸ਼ਨ ਨਿਊਯਾਰਕ ਇਮੀਗ੍ਰੇਸ਼ਨ ਅਦਾਲਤ ਵਿਚ ਪੈਂਡਿੰਗ ਹੈ। ਬੱਚੀ ਦੀ ਮਾਂ ਐੱਸ. ਕੌਰ ਨੇ ਇਸੇ ਮਹੀਨੇ ਉਸ ਨਾਲ ਸੀਮਾ ਪਾਰ ਕੀਤੀ ਸੀ। ਇਹ ਪਤਾ ਨਹੀਂ ਹੈ ਕਿ ਗੁਰਪ੍ਰੀਤ ਅਤੇ ਉਸ ਦੀ ਮਾਂ ਪੰਜਾਬ ਤੋਂ ਕਦੋਂ ਨਿਕਲੇ ਜਾਂ ਫਿਰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕਿਵੇਂ ਪਹੁੰਚੇ। ਗੁਰਪ੍ਰੀਤ ਦੇ ਮਾਤਾ-ਪਿਤਾ ਉਸ ਦੇ ਜਨਮ ਦੇ 6 ਮਹੀਨੇ ਬਾਅਦ 2013 ਤੋਂ ਹੀ ਇਕ-ਦੂਜੇ ਨੂੰ ਨਹੀਂ ਮਿਲੇ ਸਨ। ਹੁਣ ਜਦੋਂ ਦੋਵੇਂ ਇਕੱਠੇ ਹਨ ਤਾਂ ਆਪਣੀ ਬੱਚੀ ਦੇ ਅੰਤਮ ਸਸਕਾਰ ਦੀ ਤਿਆਰੀ ਕਰ ਰਹੇ ਹਨ।


author

Vandana

Content Editor

Related News