ਵਿਆਹ ਦੇ ਚੰਦ ਮਿੰਟਾਂ ਬਾਅਦ ਜੋੜੇ ਦੀ ਦਰਦਨਾਕ ਮੌਤ, ਸਦਮੇ ''ਚ ਪਰਿਵਾਰ

Sunday, Aug 25, 2019 - 01:22 PM (IST)

ਵਿਆਹ ਦੇ ਚੰਦ ਮਿੰਟਾਂ ਬਾਅਦ ਜੋੜੇ ਦੀ ਦਰਦਨਾਕ ਮੌਤ, ਸਦਮੇ ''ਚ ਪਰਿਵਾਰ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸੂਬੇ ਟੈਕਸਾਸ ਦਾ ਇਕ ਜੋੜਾ ਵਿਆਹ ਹੋਣ ਦੇ ਕੁਝ ਮਿੰਟ ਬਾਅਦ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 19 ਸਾਲਾ ਹਾਰਲੇ ਮੋਰਗਨ ਅਤੇ 20 ਸਾਲਾ ਰਿਹਾਨਨ ਬੂਡਰਾਕਸ ਵਿਆਹ ਹੋਣ ਮਗਰੋਂ ਕੋਰਟ ਹਾਊਸ ਵਿਚੋਂ ਬਾਹਰ ਆ ਰਹੇ ਸਨ ਕਿ ਅਚਾਨਕ ਰਸਤੇ ਵਿਚ ਭਿਆਨਕ ਹਾਦਸੇ ਦੇ ਸ਼ਿਕਾਰ ਹੋ ਗਏ।

ਦੋਵੇਂ ਸਕੂਲ ਦੇ ਦਿਨਾਂ ਤੋਂ ਇਕ-ਦੂਜੇ ਨਾਲ ਪਿਆਰ ਕਰਦੇ ਸਨ। ਵਿਆਹ ਹੋਣ ਦੇ ਕੁਝ ਮਿੰਟ ਬਾਅਦ ਹੀ ਮੋਰਗਨ ਅਤੇ ਬੂਡਰਾਕਸ ਦੀ ਓਰੇਂਜ ਟਾਊਨ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ। ਓਰੇਂਜ ਪੁਲਸ ਵਿਭਾਗ ਨੇ ਆਪਣੇ ਬਿਆਨ ਵਿਚ ਕਿਹਾ,''ਉਹ ਪਾਰਕਿੰਗ ਵਿਚੋਂ ਆਪਣੀ ਕਾਰ ਕੱਢ ਕੇ ਹਾਈਵੇਅ 87 'ਤੇ ਆ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਇਕ ਪਿਕ-ਅੱਪ ਟਰੱਕ ਨਾਲ ਟਕਰਾ ਗਈ।'' ਇਸ ਨਵੇਂ ਵਿਆਹੇ ਜੋੜੇ ਦੀ ਕਾਰ ਦੇ ਪਿੱਛੇ ਲਾੜੇ ਦੀ ਮਾਂ ਅਤੇ ਭੈਣ ਵੀ ਸਨ। ਉਨ੍ਹਾਂ ਨੇ ਆਪਣੇ ਅੱਖੀਂ ਇਹ ਭਿਆਨਕ ਹਾਦਸਾ ਵਾਪਰਦੇ ਦੇਖਿਆ। 

PunjabKesari

ਹਾਰਲੇ ਮੋਰਗਨ ਦੀ ਮਾਂ ਕੇਨੀਆ ਮੋਰਗਨ ਨੇ ਦੱਸਿਆ ਕਿ ਦੋਵੇਂ ਹਾਈ ਸਕੂਲ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਸੀ ਅਤੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਸਨ। ਉਨ੍ਹਾਂ ਦਾ ਵਿਆਹ ਕੋਰਟ ਹਾਊਸ ਵਿਚ ਹੋਇਆ ਪਰ ਉਹ 20 ਦਸੰਬਰ ਨੂੰ ਪਰਿਵਾਰ ਅਤੇ ਦੋਸਤਾਂ ਲਈ ਕ੍ਰਿਸਮਸ ਵੈਡਿੰਗ ਦਾ ਆਯੋਜਨ ਕਰਨ ਦੀ ਯੋਜਨਾ ਬਣਾ ਰਹੇ ਸਨ। 

ਮਾਂ ਕੇਨੀਆ ਨੇ ਕਿਹਾ,'ਮੈਂ ਆਪਣੇ ਬੱਚੇ ਨੂੰ ਮਰਦੇ ਅੱਖੀਂ ਦੇਖਿਆ। ਮੇਰੇ ਹੱਥਾਂ ਵਿਚ ਹਾਲੇ ਵੀ ਆਪਣੇ ਮੁੰਡੇ ਦਾ ਖੂਨ ਲੱਗਿਆ ਹੋਇਆ ਹੈ। ਮੈਂ ਉਸ ਨੂੰ ਕਾਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਭਿਆਨਕ ਦ੍ਰਿਸ਼ ਪੂਰੀ ਜ਼ਿੰਦਗੀ ਮੈਨੂੰ ਬੇਚੈਨ ਕਰਦਾ ਰਹੇਗਾ। ਮੈਂ ਇਸ ਨੂੰ ਕਦੇ ਨਹੀਂ ਭੁੱਲਾਂਗੀ। ਇਹ ਮੇਰੇ ਦਿਮਾਗ ਵਿਚੋਂ ਕਦੇ ਨਹੀਂ ਜਾਵੇਗਾ।'' ਉਨ੍ਹਾਂ ਨੇ ਕਿਹਾ,''ਮੈਂ ਬਾਰ-ਬਾਰ ਉਸ ਟਰੱਕ ਨੂੰ ਆਪਣੇ ਬੱਚੇ ਨੂੰ ਮਾਰਦੇ ਹੋਏ ਦੇਖਾਂਗੀ ਅਤੇ ਪੂਰੀ ਜ਼ਿੰਦਗੀ ਮੈਂ ਹਰੇਕ ਰਾਤ ਆਪਣੇ ਬੱਚੇ ਨੂੰ ਮਰਦੇ ਹੋਏ ਦੇਖਾਂਗੀ। ਜਦੋਂ ਤੱਕ ਮੈਂ ਇਸ ਧਰਤੀ 'ਤੇ ਹਾਂ ਮੇਰੇ ਨਾਲ ਇਹ ਖੌਫਨਾਕ ਅਨੁਭਵ ਹਮੇਸ਼ਾ ਰਹੇਗਾ।'' ਹਾਦਸਾਸਥਲ 'ਤੇ ਜੋੜੇ ਦਾ ਵਿਆਹ ਕਰਾਉਣ ਵਾਲੇ ਜੱਜ ਵੀ ਪਹੁੰਚੇ ਸਨ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।


author

Vandana

Content Editor

Related News