ਸਾਬਕਾ ਮਾਡਲ ਨੇ ਟਰੰਪ ਦੇ ਸੀਨੀਅਰ ਅਧਿਕਾਰੀ ਤੋਂ ਮੰਗਿਆ ਵਾਧੂ ਮੁਆਵਜ਼ਾ
Wednesday, Aug 01, 2018 - 11:30 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਚੰਦਾ ਇਕੱਠਾ ਕਰਨ ਵਾਲੇ ਸੀਨੀਅਰ ਅਧਿਕਾਰੀ ਇਕ ਪ੍ਰੇਮ ਸੰਬੰਧ ਮਾਮਲੇ ਵਿਚ ਫਸੇ ਹੋਏ ਹਨ। ਉਨ੍ਹਾਂ ਨਾਲ ਪ੍ਰੇਮ ਸੰਬੰਧਾਂ ਦਾ ਦਾਅਵਾ ਕਰਨ ਵਾਲੀ ਪਲੇਅਬੁਆਏ ਦੀ ਸਾਬਕਾ ਮਾਡਲ ਨੇ ਸਮਝੌਤੇ ਵਿਚ ਤੈਅ 16 ਲੱਖ ਡਾਲਰ ਦੇ ਇਲਾਵਾ 2,00,000 ਡਾਲਰ ਦੀ ਵਾਧੂ ਰਾਸ਼ੀ ਦੀ ਮੰਗ ਕੀਤੀ ਹੈ। ਸ਼ੇਰਾ ਬੇਕਾਰਡ ਨੇ ਅਧਿਕਾਰੀ ਇਲੀਓਟ ਬ੍ਰਾਇਡੀ, ਆਪਣੇ ਸਾਬਕਾ ਵਕੀਲ ਕੀਥ ਡੇਵਿਡਸਨ ਅਤੇ ਪੋਰਨ ਅਦਾਕਾਰਾ ਸਟਾਰਮੀ ਡੈਨੀਅਲਸ ਦੇ ਵਕੀਲ ਮਾਈਕਲ ਅਵੇਨਤੀ ਵਿਰੁੱਧ ਇਸ ਮਹੀਨੇ ਸੀਲਬੰਦ ਮੁਕੱਦਮਾ ਦਾਇਰ ਕੀਤਾ।
ਕਈ ਨਿਊਜ਼ ਏਜੰਸੀਆਂ ਨੇ ਮੁਕੱਦਮੇ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ, ਜਿਸ ਮਗਰੋਂ ਮੰਗਲਵਾਰ ਨੂੰ ਇਸ ਦੀ ਇਕ ਸੋਧ ਕਾਪੀ ਜਾਰੀ ਕੀਤੀ ਗਈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਬੇਕਾਰਡ ਅਤੇ ਬ੍ਰਾਇਡੀ ਵਿਚਕਾਰ ਪ੍ਰੇਮ ਸੰਬੰਧ ਸਨ, ਜਿਸ ਨਾਲ ਉਹ ਗਰਭਵਤੀ ਹੋਈ। ਬਾਅਦ ਵਿਚ ਇਕ ਗੁਪਤ ਸਮਝੌਤੇ ਦੇ ਤਹਿਤ ਬ੍ਰਾਇਡੀ ਉਸ ਨੂੰ 16 ਲੱਖ ਡਾਲਰ ਦੇਣ ਲਈ ਰਾਜ਼ੀ ਹੋ ਗਿਆ। ਮੁਕੱਦਮੇ ਮੁਤਾਬਕ ਦੋ ਕਿਸ਼ਤਾਂ ਦੇ ਬਾਅਦ ਬ੍ਰਾਇਡੀ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਅਤੇ ਦੋਸ਼ ਲਗਾਇਆ ਕਿ ਸਮਝੌਤੇ ਦੀ ਉਲੰਘਣਾ ਕੀਤੀ ਗਈ ਕਿਉਂਕਿ ਡੇਵਿਡਸਨ ਨੇ ਗੁਪਤ ਸਮਝੌਤੇ ਦੀਆਂ ਜਾਣਕਾਰੀਆਂ 'ਤੇ ਅਵੇਨਤੀ ਨਾਲ ਚਰਚਾ ਕੀਤੀ। ਬੇਕਾਰਡ ਨੇ ਦੋਸ਼ ਲਗਾਇਆ ਕਿ ਬ੍ਰਾਇਡੀ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨਾ ਵੀ ਸਮਝੌਤੇ ਦੀ ਉਲੰਘਣਾ ਹੈ।