ਖੰਘ ਆਉਣ ''ਤੇ ਮਿਕ ਮੁਲਵਾਨੇ ਨੂੰ ਟਰੰਪ ਨੇ ਕੀਤਾ ਦਫਤਰ ਤੋਂ ਬਾਹਰ

06/17/2019 4:35:13 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਚਰਚਾ ਵਿਚ ਹਨ। ਅਸਲ ਵਿਚ ਟਰੰਪ ਨੇ ਆਪਣੇ ਇਕ ਇੰਟਰਵਿਊ ਦੌਰਾਨ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਿਕ ਮੁਲਵਾਨੇ ਨੂੰ ਖੰਘ ਆਉਣ ਕਾਰਨ ਓਵਲ ਦਫਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ। ਉਸ ਸਮੇਂ ਟਰੰਪ ਏ.ਬੀ.ਸੀ. ਨਿਊਜ਼ ਚੈਨਲ ਨੂੰ ਇਕ ਇੰਟਰਵਿਊ ਦੇ ਰਹੇ ਸਨ। ਕਮਰੇ ਵਿਚ ਮੌਜੂਦ ਮਿਕ ਮੁਲਵਾਨੇ ਨੂੰ ਖੰਘ ਆਉਣ ਲੱਗੀ, ਜੋ ਕੈਮਰੇ ਵਿਚ ਦਿਖਾਈ ਨਹੀਂ ਸਨ ਦੇ ਰਹੇ। ਇਸ 'ਤੇ ਟਰੰਪ ਨੇ ਇਕ ਵਾਰ ਤਾਂ ਇਸ ਨੂੰ ਨਜ਼ਰ ਅੰਦਾਜ਼ ਕੀਤਾ ਪਰ ਦੁਬਾਰਾ ਖੰਘ ਆਉਣ 'ਤੇ ਮਿਕ ਨੂੰ ਕਮਰੇ ਵਿਚੋਂ ਬਾਹਰ ਜਾਣ ਲਈ ਕਹਿ ਦਿੱਤਾ। 

 

ਟਰੰਪ ਦੇ ਆਦੇਸ਼ 'ਤੇ ਮਿਕ ਕਮਰੇ ਵਿਚੋਂ ਬਾਹਰ ਨਿਕਲੇ ਅਤੇ ਇੰਟਰਵਿਊ ਦੁਬਾਰਾ ਸ਼ੁਰੂ ਕੀਤਾ ਗਿਆ। ਟਰੰਪ ਦਾ ਇਹ ਇੰਟਰਵਿਊ ਐਤਵਾਰ ਨੂੰ ਟੀ.ਵੀ.ਚੈਨਲ 'ਤੇ ਪ੍ਰਕਾਸ਼ਿਤ ਹੋਇਆ। ਇੰਟਰਵਿਊ ਦੌਰਾਨ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਆਪਣੀ ਚੋਣ ਅਤੇ ਮੂਲਰ ਜਾਂਚ ਸਮੇਤ ਕਈ ਮਾਮਲਿਆਂ 'ਤੇ ਜਵਾਬ ਦਿੱਤੇ। ਟਰੰਪ ਨੇ ਆਪਣੀ ਚੋਣ ਵਿਚ ਰੂਸ ਦੀ ਮਦਦ ਲੈਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਗਲਤ ਹੈ ਅਤੇ ਇਹ ਸਭ ਕੁਝ ਮੀਡੀਆ ਦਾ ਫੈਲਾਇਆ ਹੋਇਆ ਹੈ। ਇਸ ਦੌਰਾਨ ਕਿਸੇ ਦੇ ਖੰਘਣ 'ਤੇ ਗੁੱਸੇ ਹੁੰਦੇ ਹੋਏ ਟਰੰਪ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਨੂੰ ਇਹ ਸਭ ਕੁਝ ਪਸੰਦ ਨਹੀਂ। ਇਸ ਮਗਰੋਂ ਟਰੰਪ ਨੇ ਮਿਕ ਨੂੰ ਬਾਹਰ ਜਾਣ ਲਈ ਕਹਿ ਦਿੱਤਾ।


Vandana

Content Editor

Related News