ਟਰੰਪ ਨੇ 2 ਸਾਲ ''ਚ ਕੀਤੇ 8,000 ਤੋਂ ਵੱਧ ਝੂਠੇ ਦਾਅਵੇ : ਰਿਪੋਰਟ
Tuesday, Jan 22, 2019 - 04:51 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਦਾਅਵੇ ਕੀਤੇ ਹਨ। ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਇਹ ਰਿਪੋਰਟ ਐਤਵਾਰ ਨੂੰ ਟਰੰਪ ਦੇ ਰਾਸ਼ਟਰਪਤੀ ਬਣਨ ਦੇ 2 ਸਾਲ ਪੂਰੇ ਹੋਣ 'ਤੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਰੋਜ਼ਾਨਾ ਔਸਤਨ ਕਰੀਬ 6 ਵਾਰ ਗੁਮਰਾਹ ਕਰਨ ਵਾਲੇ ਦਾਅਵੇ ਕੀਤੇ ਜਦਕਿ ਦੂਜੇ ਸਾਲ ਉਨ੍ਹਾਂ ਨੇ ਤਿੰਨ ਗੁਣਾ ਤੇਜ਼ੀ ਨਾਲ ਰੋਜ਼ਾਨਾ ਅਜਿਹੇ ਕਰੀਬ 17 ਦਾਅਵੇ ਕੀਤੇ।
ਅਖਬਾਰ ਨੇ ਆਪਣੀ ਰਿਪੋਰਟ 'ਫੈਕਟ ਚੈੱਕਰ' ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ। ਇਹ ਫੈਕਟ ਚੈੱਕਰ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਹਰੇਕ ਸ਼ੱਕੀ ਬਿਆਨ ਦਾ ਵਿਸ਼ਲੇਸ਼ਣ, ਵਰਗੀਕਰਨ ਅਤੇ ਪਤਾ ਲਗਾਉਣ ਦਾ ਕੰਮ ਕਰਦਾ ਹੈ। ਫੈਕਟ ਚੈੱਕਰ ਦੇ ਅੰਕੜਿਆਂ ਮੁਤਾਬਕ ਟਰੰਪ ਰਾਸ਼ਟਰਪਤੀ ਬਣਨ ਤੋਂ ਲੈ ਕੇ ਹੁਣ ਤੱਕ 8,158 ਵਾਰ ਝੂਠੇ ਅਤੇ ਗੁਮਰਾਹ ਕਰਨ ਵਾਲੇ ਦਾਅਵੇ ਕਰ ਚੁੱਕੇ ਹਨ। ਅਖਬਾਰ ਨੇ ਕਿਹਾ ਕਿ ਇਸ ਰਿਪੋਰਟ ਵਿਚ ਰਾਸ਼ਟਰਪਤੀ ਦੇ ਦੂਜੇ ਸਾਲ ਕੀਤੇ ਗਏ ਅਜਿਹੇ 6000 ਤੋਂ ਵੱਧ ਹੈਰਾਨੀਜਨਕ ਦਾਅਵੇ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਨੇ ਸਭ ਤੋਂ ਸਭ ਤੋ ਜ਼ਿਆਦਾ ਗੁਮਰਾਹ ਕਰਨ ਵਾਲੇ ਦਾਅਵੇ ਇਮੀਗ੍ਰੇਸ਼ਨ ਨੂੰ ਲੈ ਕੇ ਕੀਤੇ ਹਨ। ਇਸ ਸਬੰਧ ਵਿਚ ਟਰੰਪ ਹੁਣ ਤੱਕ 1,433 ਦਾਅਵੇ ਕਰ ਚੁੱਕੇ ਹਨ ਜਿਨ੍ਹਾਂ ਵਿਚ ਬੀਤੇ ਤਿੰਨ ਹਫਤਿਆਂ ਦੌਰਾਨ ਕੀਤੇ ਗਏ 300 ਦਾਅਵੇ ਸ਼ਾਮਲ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਵਿਦੇਸ਼ ਨੀਤੀ ਨੂੰ ਲੈ ਕੇ 900 ਦਾਅਵੇ ਕਰ ਚੁੱਕੇ ਹਨ। ਇਸ ਮਗਰੋਂ ਵਪਾਰ (854), ਅਰਥਵਿਵਸਥਾ (790) ਅਤੇ ਨੌਕਰੀਆਂ (755) ਦਾ ਨੰਬਰ ਆਉਂਦਾ ਹੈ। ਇਸ ਦੇ ਇਲਾਵਾ ਹੋਰ ਮਾਮਲਿਆਂ ਨੂੰ ਲੈ ਕੇ ਟਰੰਪ 899 ਵਾਰ ਦਾਅਵੇ ਕਰ ਚੁੱਕੇ ਹਨ। ਜਿਸ ਵਿਚ ਮੀਡੀਆ ਅਤੇ ਆਪਣੇ ਦੁਸ਼ਮਣ ਕਹੇ ਜਾਣ ਵਾਲੇ ਲੋਕਾਂ 'ਤੇ ਗੁਮਰਾਹ ਕਰਨ ਵਾਲੇ ਹਮਲੇ ਸ਼ਾਮਲ ਹਨ। ਰਿਪੋਰਟ ਮੁਤਾਬਕ ਸਿਰਫ 82 ਦਿਨ ਜਾਂ ਆਪਣੇ ਕਾਰਜਕਾਲ ਦੇ ਕਰੀਬ 11 ਫੀਸਦੀ ਸਮੇਂ ਵਿਚ ਟਰੰਪ ਦਾ ਕੋਈ ਦਾਅਵਾ ਦਰਜ ਨਹੀਂ ਕੀਤਾ ਗਿਆ। ਇਸ ਵਿਚ ਜ਼ਿਆਦਾਤਰ ਉਹ ਸਮਾਂ ਹੈ ਜਿਸ ਵਿਚ ਉਹ ਗੋਲਫ ਖੇਡਣ ਵਿਚ ਬਿੱਜੀ ਸਨ।