IMF ਨੇ ਦਿੱਤਾ ਪਾਕਿ ਨੂੰ ਝਟਕਾ, ਕਰਜ਼ ਦੇਣ ਤੋਂ ਕੀਤਾ ਇਨਕਾਰ
Tuesday, Dec 18, 2018 - 10:01 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੰਸਦ ਮੈਂਬਰ ਬ੍ਰੈਡ ਸ਼ਰਮਨ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਪਾਕਿਸਤਾਨ ਨੂੰ ਚੀਨ ਦਾ ਉਧਾਰ ਚੁਕਾਉਣ ਲਈ ਕਰਜ਼ ਨਹੀਂ ਦੇ ਸਕਦਾ। ਡੈਮੋਕ੍ਰੇਟ ਸੰਸਦ ਮੈਂਬਰ ਨੇ ਕਿਹਾ ਕਿ ਕਈ ਦੇਸ਼ਾਂ ਨੂੰ ਕਰਜ਼ ਦੇ ਜਾਲ ਵਿਚ ਫਸਾ ਚੁੱਕੇ ਚੀਨ ਦਾ ਉਧਾਰ ਵਾਪਸ ਕਰਨ ਲਈ ਆਈ.ਐੱਮ.ਐੱਫ. ਤੋਂ ਕਰਜ਼ ਲੈਣਾ ਕੋਈ ਸੁਵਿਧਾਜਨਕ ਤਰੀਕਾ ਨਹੀਂ ਹੈ। ਆਪਣੀ ਖਰਾਬ ਹੋ ਚੁੱਕੀ ਅਰਥ ਵਿਵਸਥਾ ਨੂੰ ਉਭਾਰਨ ਲਈ ਪਾਕਿਸਤਾਨ ਨੇ ਆਈ.ਐੱਮ.ਐੱਫ. ਤੋਂ 8 ਅਰਬ ਡਾਲਰ (ਕਰੀਬ 57 ਹਜ਼ਾਰ ਕਰੋੜ ਰੁਪਏ) ਦਾ ਕਰਜ਼ ਦੇਣ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਦੇ ਅਸੰਤੁਸ਼ਟ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨਾਲ ਐਤਵਾਰ ਨੂੰ ਇੱਥੇ ਇਕ ਬੈਠਕ ਵਿਚ ਸ਼ਰਮਨ ਨੇ ਕਿਹਾ,''ਪਾਕਿਸਤਾਨ ਜੇ ਚੀਨ ਦੀ ਉਧਾਰੀ ਚੁਕਾਉਣ ਲਈ ਕਰਜ਼ ਚਾਹੁੰਦਾ ਹੈ ਤਾਂ ਅਮਰੀਕਾ ਆਈ.ਐੱਮ.ਐੱਫ. ਵਿਚ ਆਪਣੀ ਵੀਟੋ ਪਾਵਰ ਦੀ ਵਰਤੋਂ ਕਰ ਕੇ ਅਜਿਹਾ ਨਹੀਂ ਹੋਣ ਦੇਵੇਗਾ।'' ਸ਼ਰਮਨ ਮੁਤਾਬਕ ਚੀਨ ਖੁਦ ਦੇਸ਼ਾਂ ਨੂੰ ਕਰਜ਼ ਦੇ ਜਾਲ ਵਿਚ ਫਸਾਉਂਦਾ ਹੈ। ਜੇ ਉਹ ਦੇਸ਼ ਚੀਨ ਦਾ ਕਰਜ਼ ਨਹੀਂ ਚੁਕਾ ਪਾਉਂਦੇ ਤਾਂ ਇਹ ਚੀਨ ਦੀ ਸਮੱਸਿਆ ਹੈ। ਇਸ ਲਈ ਆਈ.ਐੱਮ.ਐੱਫ. ਜਿਹੀਆਂ ਸੰਸਥਾਵਾਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾ ਸਕਦੀ।
ਅਮਰੀਕਾ-ਪਾਕਿ ਸੰਬੰਧਾਂ ਦੇ ਭਵਿੱਖ 'ਤੇ ਗੱਲ ਕਰਦਿਆਂ ਸ਼ਰਮਨ ਨੇ ਕਿਹਾ ਕਿ ਜਦੋਂ ਤੱਕ ਡਾਕਟਰ ਸ਼ਕੀਲ ਅਫਰੀਦੀ ਦਾ ਮਾਮਲਾ ਹੱਲ ਨਹੀਂ ਹੁੰਦਾ, ਸੰਬੰਧਾਂ ਵਿਚ ਦਰਾੜ ਬਣੀ ਰਹੇਗੀ। ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੂੰ ਐਬਟਾਬਾਦ ਵਿਚ ਲੁਕੇ ਅਲਕਾਇਦਾ ਪ੍ਰਮੱਖ ਓਸਾਮਾ ਬਿਨ ਲਾਦੇਨ ਦੀ ਜਾਣਕਾਰੀ ਦੇਣ ਵਾਲੇ ਅਫਰੀਦੀ ਨੂੰ ਪਾਕਿਸਤਾਨ ਵਿਚ 33 ਸਾਲ ਦੀ ਜੇਲ ਹੋਈ ਹੈ। ਅਮਰੀਕਾ ਅਫਰੀਦੀ ਦੀ ਰਿਹਾਈ ਚਾਹੁੰਦਾ ਹੈ।