ਯੂਕ੍ਰੇਨ ਨੂੰ ਨਾਟੋ ਗਠਜੋੜ ਦਾ ਹਿੱਸਾ ਬਣਾਉਣ ''ਚ ਝਿਜਕ ਰਹੇ ਹਨ ਸਹਿਯੋਗੀ ਦੇਸ਼
Wednesday, Jul 03, 2024 - 05:46 PM (IST)
ਵਾਸ਼ਿੰਗਟਨ (ਵਾਰਤਾ)- ਯੂਕ੍ਰੇਨ ਨੂੰ ਅਗਲੇ ਹਫ਼ਤੇ ਵਾਸ਼ਿੰਗਟਨ 'ਚ ਨਾਟੋ ਸਿਖਰ ਸੰਮੇਲਨ 'ਚ ਦੱਸਿਆ ਜਾਵੇਗਾ ਕਿ ਉਹ ਗਠਜੋੜ 'ਚ ਸ਼ਾਮਲ ਹੋਣ ਲਈ ਬਹੁਤ ਭ੍ਰਿਸ਼ਟ ਹੈ। ਟੈਲੀਗ੍ਰਾਫ਼ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਇਹ ਰਿਪੋਰਟ ਦਿੱਤੀ। 9-11 ਜੁਲਾਈ ਨੂੰ ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ 'ਚ ਹੋਣ ਵਾਲੇ ਸਿਖਰ ਸੰਮੇਲਨ 'ਚ, ਨਾਟੋ ਸਹਿਯੋਗੀ ਮੈਂਬਰਤਾ ਵਾਰਤਾ ਤੋਂ ਪਹਿਲੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਕੀਵ ਤੋਂ 'ਹੋਰ ਕਦਮ' ਚੁੱਕਣ ਦੀ ਅਪੀਲ ਕਰਨਗੇ। ਅਧਿਕਾਰੀ ਨੇ ਅਖ਼ਬਾਰ ਨੂੰ ਦੱਸਿਆ ਕਿ ਇਹ ਸਥਿਤੀ ਨਾਟੋ ਬਿਆਨ 'ਚ ਲਿਖਤੀ ਰੂਪ 'ਚ ਦੱਸੀ ਜਾਵੇਗੀ, ਜਿਸ 'ਤੇ 9 ਜੁਲਾਈ ਨੂੰ ਸਿਖਰ ਸੰਮੇਲਨ 'ਚ ਦਸਤਖ਼ਤ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ,''ਸਾਨੂੰ ਪਿੱਛੇ ਹਟਣਾ ਹੋਵੇਗਾ ਅਤੇ ਪਿਛਲੇ 2 ਤੋਂ ਵੱਧ ਸਾਲਾਂ 'ਚ ਸੁਧਾਰਾਂ ਦੇ ਨਾਂ 'ਤੇ ਯੂਕ੍ਰੇਨ ਨੇ ਜੋ ਕੁਝ ਵੀ ਕੀਤਾ ਹੈ, ਉਸ ਦੀ ਸ਼ਲਾਘਾ ਕਰਨੀ ਹੋਵੇਗੀ। ਜਿਵੇਂ ਕਿ ਉਹ ਉਨ੍ਹਾਂ ਸੁਧਾਰਾਂ ਨੂੰ ਜਾਰੀ ਰੱਖਦੇ ਹਨ, ਅਸੀਂ ਉਨ੍ਹਾਂ ਦੀ ਸ਼ਲਾਘਾ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਹੋਰ ਕਦਮਾਂ ਬਾਰੇ ਗੱਲ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਚੁੱਕੇ ਜਾਣ ਦੀ ਜ਼ਰੂਰਤ ਹੈ, ਵਿਸ਼ੇਸ਼ ਰੂਪ ਨਾਲ ਭ੍ਰਿਸ਼ਟਾਚਾਰ ਵਿਰੋਧੀ ਖੇਤਰ 'ਚ। ਇਹ ਸਾਡੇ 'ਚੋਂ ਕਈ ਲੋਕਾਂ ਦੀ ਪਹਿਲ ਹੈ।''
ਸਤੰਬਰ 2022 ਦੇ ਅੰਤ 'ਚ, ਯੂਕ੍ਰੇਨ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਨਾਟੋ ਮੈਂਬਰਤਾ ਲਈ ਜਲਦ ਤੋਂ ਜਲਦ ਅਪਲਾਈ ਕਰ ਰਿਹਾ ਹੈ। ਮਾਮਲੇ ਨੂੰ ਜਾਣਨ ਵਾਲੇ ਅਮਰੀਕੀ ਅਤੇ ਯੂਰਪੀ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਅਨੁਸਾਰ, ਅਮਰੀਕਾ ਅਤੇ ਉਸ ਦੇ ਸਹਿਯੋਗੀਆਂ 'ਚ ਅਜੇ ਤੱਕ ਇਸ ਗੱਲ 'ਤੇ ਆਮ ਸਹਿਮਤੀ ਨਹੀਂ ਬਣ ਸਕੀ ਹੈ ਕਿ ਉਹ ਸਿਖਰ ਸੰਮੇਲਨ ਦੌਰਾਨ ਯੂਕ੍ਰੇਨ ਦੀ ਨਾਟੋ ਮੈਂਬਰਾਂ ਲਈ ਕਿੰਨੀ ਦ੍ਰਿੜਤਾ ਨਾਲ ਵਚਨਬੱਧ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਜੂਨ 'ਚ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਸੀ ਕਿ ਰੂਸ ਤੁਰੰਤ ਜੰਗਬੰਦੀ ਕਰੇਗਾ ਅਤੇ ਯੂਕ੍ਰੇਨ ਨਾਲ ਗੱਲਬਾਤ ਸ਼ੁਰੂ ਕਰੇਗਾ, ਜਦੋਂ ਕੀਵ 2022 'ਚ ਰੂਸ 'ਚ ਸ਼ਾਮਲ ਖੇਤਰਾਂ ਤੋਂ ਫ਼ੌਜੀਆਂ ਨੂੰ ਵਾਪਸ ਲੈ ਲਵੇਗਾ ਅਤੇ ਅਧਿਕਾਰਤ ਤੌਰ 'ਤੇ ਨਾਟੋ 'ਚ ਸ਼ਾਮਲ ਹੋਣ ਦੀ ਯੋਜਨਾ ਨੂੰ ਛੱਡ ਦੇਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e