ਬ੍ਰਿਟੇਨ ''ਚ ਸਾਰੇ ਮੋਬਾਇਲਾਂ ''ਚ ਲੱਗੇਗੀ ਜਾਨਲੇਵਾ ਸਥਿਤੀਆਂ ਦੀ ਚੇਤਾਵਨੀ ਦੇਣ ਵਾਲੀ ਪ੍ਰਣਾਲੀ
Monday, Mar 20, 2023 - 10:35 AM (IST)
ਲੰਡਨ (ਭਾਸ਼ਾ)- ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਹੈ ਕਿ ਗੰਭੀਰ ਮੌਸਮ ਸਮੇਤ ਜਾਨਲੇਵਾ ਸਥਿਤੀਆਂ ਲਈ ਇਕ ਨਵੀਂ ਜਨਤਕ ਚੇਤਾਵਨੀ ਪ੍ਰਣਾਲੀ ਦਾ ਪ੍ਰੀਖਣ ਕਰਨ ਲਈ ਬ੍ਰਿਟੇਨ ਵਿਚ ਅਗਲੇ ਮਹੀਨੇ ਤੋਂ ਹਰੇਕ ਮੋਬਾਇਲ ’ਚ ਸਾਇਰਨ ਵਰਗੀ ਚੇਤਾਵਨੀ ਭੇਜੀ ਜਾਵੇਗੀ। ਇਸ ਪ੍ਰਣਾਲੀ ਦਾ ਪ੍ਰੀਖਣ ਕਰਨ ਲਈ ਪੂਰੇ ਬ੍ਰਿਟੇਨ ਵਿਚ ਐਤਵਾਰ (23 ਅਪ੍ਰੈਲ) ਦੀ ਸ਼ਾਮ ਨੂੰ ਚੇਤਾਵਨੀ ਜਾਰੀ ਕੀਤੀ ਜਾਵੇਗੀ, ਜਿਸ ਤਹਿਤ ਹਰੇਕ ਵਿਅਕਤੀ ਨੂੰ ਉਸ ਦੇ ਮੋਬਾਇਲ ’ਤੇ ਇਕ ਮੈਸੇਜ ਪ੍ਰਾਪਤ ਹੋਵੇਗਾ।
ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ, ਬਿੱਲੀਆਂ ਅਤੇ ਕੁੱਤੇ ਫੈਲਾ ਰਹੇ ਦਵਾਈਆਂ ਬੇਅਸਰ ਕਰਨ ਵਾਲਾ ਜੀਵਾਣੂ
ਸਰਕਾਰ ਨੇ ਦੱਸਿਆ ਕਿ ਨਵੀਂ ਐਮਰਜੈਂਸੀ ਚੇਤਾਵਨੀ ਬਹੁਤ ਘੱਟ ਵਰਤੀ ਜਾਵੇਗੀ ਅਤੇ ਸਿਰਫ਼ ਉਦੋਂ ਹੀ ਭੇਜੀ ਜਾਵੇਗੀ ਜਦੋਂ ਲੋਕਾਂ ਦੇ ਜੀਵਨ ਨੂੰ ਤੁਰੰਤ ਕੋਈ ਖ਼ਤਰਾ ਹੋਵੇ, ਇਸ ਲਈ ਇਹ ਸੰਭਵ ਹੈ ਕਿ ਲੋਕਾਂ ਨੂੰ ਮਹੀਨਿਆਂ ਜਾਂ ਸਾਲਾਂ ਤੱਕ ਕੋਈ ਚੇਤਾਵਨੀ ਨਾ ਪ੍ਰਾਪਤ ਹੋਵੇ। ਹਾਲਾਂਕਿ ਹੁਣ ਤੱਕ ਅੱਤਵਾਦੀ ਖ਼ਤਰਿਆਂ ਦੀ ਚੇਤਾਵਨੀ ਨੂੰ ਇਸ ਪ੍ਰਣਾਲੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਇਸ ਨੂੰ ਭਵਿੱਖ ਵਿਚ ਘਾਤਕ ਘਟਨਾਵਾਂ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਕੈਬਨਿਟ ਅਧਿਕਾਰੀ ਮੰਤਰੀ ਓਲੀਵਰ ਡਾਉਡੇਨ ਨੇ ਕਿਹਾ ਕਿ ਅਸੀਂ ਨਵੀਂ ਐਮਰਜੈਂਸੀ ਚੇਤਾਵਨੀ ਪ੍ਰਣਾਲੀ ਰਾਹੀਂ ਆਪਣੀ ਰਾਸ਼ਟਰੀ ਸਮਰੱਥਾ ਵਿੱਚ ਸੁਧਾਰ ਕਰ ਰਹੇ ਹਾਂ, ਤਾਂ ਕਿ ਹੜ੍ਹਾਂ ਤੋਂ ਲੈ ਕੇ ਜੰਗਲੀ ਅੱਗ ਲੱਗਣ ਸਮੇਤ ਕਈ ਖ਼ਤਰਿਆਂ ਨਾਲ ਨਜਿੱਠਿਆ ਜਾ ਸਕੇ।"
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।