ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ US ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰੀ ਦਾ ਕੀਤਾ ਐਲਾਨ, ਜਾਣੋ ਉਹਨਾਂ ਬਾਰੇ

Wednesday, Feb 22, 2023 - 10:06 AM (IST)

ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ US ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰੀ ਦਾ ਕੀਤਾ ਐਲਾਨ, ਜਾਣੋ ਉਹਨਾਂ ਬਾਰੇ

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਸਾਲ 2024 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੁਣ ਤੱਕ ਭਾਰਤੀ ਮੂਲ ਦੇ ਦੋ ਲੋਕ ਅਮਰੀਕੀ ਰਾਸ਼ਟਰਪਤੀ ਲਈ ਨਾਮਜ਼ਦਗੀ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਵੀ 2024 'ਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਸ ਨੇ ਆਪਣੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।

ਜਾਣੋ ਵਿਵੇਕ ਰਾਮਾਸਵਾਮੀ ਬਾਰੇ

ਵਿਵੇਕ ਰਾਮਾਸਵਾਮੀ ਇੱਕ ਕਰੋੜਪਤੀ ਕਾਰੋਬਾਰੀ ਹਨ ਅਤੇ ਅਮਰੀਕਾ ਦੇ ਆਇਓਵਾ ਰਾਜ ਵਿੱਚ, ਉਹ ਆਪਣੀ ਉਮੀਦਵਾਰੀ ਦੇ ਪ੍ਰਚਾਰ ਲਈ ਕਈ ਸਮਾਗਮਾਂ ਦਾ ਆਯੋਜਨ ਕਰ ਰਹੇ ਹਨ। ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਵਿਚਾਰ ਆਧਾਰਿਤ ਮੁਹਿੰਮ ਸ਼ੁਰੂ ਕਰਨ 'ਤੇ ਧਿਆਨ ਦੇ ਰਹੇ ਹਨ। ਦੱਸ ਦੇਈਏ ਕਿ ਵਿਵੇਕ ਰਾਮਾਸਵਾਮੀ ਦੇ ਪਿਤਾ ਇੱਕ ਜਨਰਲ ਇਲੈਕਟ੍ਰਿਕ ਇੰਜੀਨੀਅਰ ਸਨ ਅਤੇ ਭਾਰਤ ਦੇ ਕੇਰਲ ਤੋਂ ਅਮਰੀਕਾ ਵਿੱਚ ਸੈਟਲ ਹੋਏ ਸਨ। ਰਾਮਾਸਵਾਮੀ ਦੀ ਮਾਂ ਮਨੋਵਿਗਿਆਨੀ ਸੀ। ਰਾਮਾਸਵਾਮੀ ਦਾ ਜਨਮ ਅਮਰੀਕਾ ਦੇ ਸਿਨਸਿਨਾਟੀ ਵਿੱਚ ਹੋਇਆ ਸੀ। ਹਾਰਵਰਡ ਅਤੇ ਯੇਲ ਯੂਨੀਵਰਸਿਟੀ ਤੋਂ ਪੜ੍ਹੇ ਵਿਵੇਕ ਰਾਮਾਸਵਾਮੀ ਦੀ ਜਾਇਦਾਦ 50 ਕਰੋੜ ਡਾਲਰ ਦੇ ਕਰੀਬ ਹੈ। ਵਿਵੇਕ ਰਾਮਾਸਵਾਮੀ ਇੱਕ ਬਾਇਓਟੈਕ ਕੰਪਨੀ ਦੇ ਮਾਲਕ ਹਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਖੁਫੀਆ ਏਜੰਸੀ ਦੇ ਮੁਖੀ ਨੇ ਜਾਸੂਸੀ ਖਤਰੇ ਦੀ ਦਿੱਤੀ ਚੇਤਾਵਨੀ

ਨਿੱਕੀ ਹੇਲੀ ਨੇ ਵੀ ਚੋਣ ਲੜਨ ਦਾ ਕੀਤਾ ਐਲਾਨ 

ਇਸ ਤੋਂ ਪਹਿਲਾਂ ਅਮਰੀਕਾ 'ਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਵੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਨਿੱਕੀ ਹੈਲੀ ਰਿਪਬਲਿਕਨ ਪਾਰਟੀ ਵੱਲੋਂ ਆਪਣਾ ਦਾਅਵਾ ਪੇਸ਼ ਕਰੇਗੀ। ਵਰਣਨਯੋਗ ਹੈ ਕਿ ਰਿਪਬਲਿਕਨ ਪਾਰਟੀ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੀ ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਵਧਦਾ ਜਾ ਰਿਹਾ ਹੈ। ਬ੍ਰਿਟੇਨ ਵਿੱਚ ਵੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News