ਅਲਜ਼ੀਰੀਆ ਦੇ ਰਾਸ਼ਟਰਪਤੀ ਨੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਛੱਡੀ ਸੱਤਾ
Wednesday, Apr 03, 2019 - 11:27 PM (IST)
ਅਵਜੀਅਰਸ— ਦੋ ਦਹਾਕਿਆਂ ਤੋਂ ਅਲਜ਼ੀਰੀਆ ਦੀ ਸੱਤਾ 'ਤੇ ਕਾਬਿਜ ਰਾਸ਼ਟਰਪਤੀ ਅਬਦੇਲਅਜ਼ੀਜ਼ ਬੋਟੇਫਲਿਕਾ (82) ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਬੀਤੀ 22 ਫਰਵਰੀ ਤੋਂ ਹੀ ਦੇਸ਼ਭਰ 'ਚ ਚੱਲ ਰਹੇ ਵਿਆਪਕ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ।
ਸਾਲ 2013 'ਚ ਸਟ੍ਰੋਕ ਨਾਲ ਜੂਝਣ ਤੋਂ ਬਾਅਦ ਉਨ੍ਹਾਂ ਦੀ ਜਨਤਕ ਮੌਜੂਦਗੀ ਕਾਫੀ ਘੱਟ ਗਈ ਸੀ। ਬਿਮਾਰ ਹੋਣ ਦੇ ਕਾਰਨ ਫੌਜ ਵੀ ਉਨ੍ਹਾਂ ਨੂੰ ਅਯੋਗ ਐਲਾਨ ਕਰਨ ਦੀ ਮੰਗ ਕਰ ਰਹੀ ਸੀ। ਅਸਤੀਫਾ ਦੇਣ ਤੋਂ ਪਹਿਲਾਂ ਰਾਸ਼ਟਰਪਤੀ ਨੇ ਜਨਤਾ ਦੇ ਨਾਂ ਜਾਰੀ ਇਕ ਪੱਤਰ 'ਚ ਕਿਹਾ ਕਿ ਮੈਂ ਇਹ ਕਦਮ ਇਸ ਲਈ ਚੁੱਕਿਆ ਹੈ ਤਾਂਕਿ ਦੇਸ਼ 'ਚ ਚੱਲ ਰਿਹਾ ਵਿਰੋਧ ਖਤਮ ਹੋ ਸਕੇ। ਅਲਜ਼ੀਰੀਆ ਦੇ ਸੁਤੰਤਰਤਾ ਸੰਗਰਾਮ ਦੇ ਦਿੱਗਜ ਨੇਤਾ ਬੋਟੇਫਲਿਕਾ 1999 'ਚ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਗਏ ਸਨ।
ਉਹ ਪੰਜਵੀਂ ਵਾਰ ਵੀ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਇਸ ਕਾਰਨ ਨੌਜਵਾਨਾਂ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਅਸਤੀਫੇ ਤੋਂ ਬਾਅਦ ਵੀ ਵਿਰੋਧ ਰੁਕਣ ਦੀ ਆਸ ਘੱਟ ਹੈ ਕਿਉਂਕਿ ਹੁਣ ਪ੍ਰਦਰਸ਼ਨਕਾਰੀ ਪੂਰੇ ਦੇਸ਼ ਦੀ ਸ਼ਾਸਨ ਵਿਵਸਥਾ 'ਚ ਬਦਲਾਅ ਦੀ ਮੰਗ ਕਰ ਰਹੇ ਹਨ।
