ਅਲਬਰਟਾ ''ਚ ਕੈਫ਼ੇ ਨੇ ਤੋੜੇ ਨਿਯਮ, ਲੱਗੇਗਾ ਭਾਰੀ ਜੁਰਮਾਨਾ
Monday, Jan 25, 2021 - 12:40 PM (IST)
ਅਡਮਿੰਟਨ- ਅਲਬਰਟਾ ਸਿਹਤ ਸੇਵਾ ਅਤੇ ਸਥਾਨਕ ਪੁਲਸ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਲੋਕਾਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਤੇ ਕੈਫ਼ੇ ਆਦਿ ਵਿਚ ਬੈਠ ਕੇ ਖਾਣ-ਪੀਣ ਦੀ ਰੋਕ ਹੈ। ਇਸ ਦੇ ਬਾਵਜੂਦ ਇੱਥੋਂ ਦੇ ਇਕ ਕੈਫ਼ੇ ਨੇ ਨਿਯਮਾਂ ਦੀ ਉਲੰਘਣਾ ਕੀਤੀ। ਇਸ ਕੈਫ਼ੇ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ।
ਅਧਿਕਾਰੀਆਂ ਮੁਤਾਬਕ ਇਕ ਪੁਲਸ ਅਧਿਕਾਰੀ ਸ਼ਨੀਵਾਰ ਨੂੰ ਇੱਥੇ ਗਿਆ ਤੇ ਉਸ ਨੇ ਕੈਫ਼ੇ ਦੇ ਮਾਲਕ ਨਾਲ ਇਸ ਸਬੰਧੀ ਗੱਲ ਕੀਤੀ। ਇਹ ਕੈਫ਼ੇ ਹਾਈਵੇਅ 21 ਉੱਤਰੀ-ਪੂਰਬੀ ਰੈੱਡ ਡੀਅਰ ਖੇਤਰ ਵਿਚ ਹੈ। ਦੱਸ ਦਈਏ ਕਿ ਸੂਬੇ ਨੇ ਕੋਰੋਨਾ ਦੇ ਪ੍ਰਕੋਪ ਦੇ ਮੱਦੇਨਜ਼ਰ ਪਾਬੰਦੀਆਂ ਸਖ਼ਤ ਕਰਦੇ ਹੋਏ ਦਸੰਬਰ ਮਹੀਨੇ ਰੈਸਟੋਰੈਂਟ-ਹੋਟਲ ਬੰਦ ਕਰਨ ਦੇ ਹੁਕਮ ਦਿੱਤੇ ਸਨ। ਲੋਕਾਂ ਨੂੰ ਅੰਦਰ-ਬੈਠ ਕੇ ਖਾਣ-ਪੀਣ ਦੀ ਰੋਕ ਸੀ ਜਦਕਿ ਲੋਕ ਸਮਾਨ ਖਰੀਦ ਕੇ ਘਰ ਜਾ ਕੇ ਖਾ-ਪੀ ਸਕਦੇ ਸਨ।
ਸਰਕਾਰ ਨੇ ਨਿਯਮ ਤੋੜਨ ਵਾਲਿਆਂ ਲਈ ਭਾਰੀ ਜੁਰਮਾਨਾ ਰੱਖਿਆ ਹੈ। ਇਸ ਲਈ ਇਸ ਕੈਫ਼ੇ ਨੂੰ ਵੀ ਭਾਰੀ ਜੁਰਮਾਨਾ ਲੱਗੇਗਾ ਤੇ ਫਿਲਹਾਲ ਇਸ ਨੂੰ ਬੰਦ ਕਰਵਾ ਲਿਆ ਗਿਆ ਹੈ।