ਐਲਬਰਟਾ ਵਿਰੁੱਧ ਬ੍ਰਿਟਿਸ਼ ਕੋਲੰਬੀਆ ਵੱਲੋਂ ਦਾਇਰ ਅਪੀਲ ਰੱਦ
Tuesday, Feb 26, 2019 - 01:45 AM (IST)

ਐਲਬਰਟਾ—ਐਲਬਰਟਾ ਦੀ ਇਕ ਕੋਰਟ ਨੇ ਬ੍ਰਿਟਿਸ਼ ਕੋਲੰਬੀਆ ਦੀ ਉਹ ਅਰਜ਼ੀ ਰੱਦ ਕਰ ਦਿੱਤੀ, ਜਿਸ 'ਚ ਐਲਬਰਟਾ ਦੇ ਇਕ ਕਾਨੂੰਨ ਨੂੰ ਗੈਰ-ਸੰਵਿਧਾਨਿਕ ਕਰਾਰ ਦੇਣ ਲਈ ਅਪਲੀ ਕੀਤੀ ਗਈ ਸੀ, ਜਿਸ ਕਾਰਨ ਐਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਲਈ ਤੇਲ ਦੇ ਪ੍ਰਵਾਹ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ 'ਚ ਅਪੀਲ ਕੀਤੀ ਸੀ ਕਿ 'ਪ੍ਰੀਜ਼ਰਵਿੰਗ ਕੈਨੇਡਾਜ਼ ਇਕਨੌਮਿਕ ਪ੍ਰੋਸਪਿਰਟੀ ਐਕਟ' ਨੂੰ ਗੈਰ ਸਵਿੰਧਾਨਕ ਕਰਾਰ ਦਿੱਤਾ ਜਾਵੇ। ਇਸ ਸਬੰਧੀ ਉਨ੍ਹਾਂ ਨੇ ਕਿਊਨਜ਼ ਬੈਂਚ ਦੀ ਐਲਬਰਟਾ ਕੋਰਟ 'ਚ ਅਪੀਲ ਕੀਤੀ ਸੀ ਪਰ ਜਸਟਿਸ ਆਰ.ਜੇ. ਹਾਲ ਨੇ ਆਪਣੇ ਫੈਸਲੇ 'ਚ ਐਲਾਨ ਕੀਤਾ ਕਿ ਅਜੇ ਤੱਕ ਕਾਨੂੰਨ ਸਬੰਧੀ ਅਧਿਕਾਰਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ, ਇਸ ਕਰਕੇ ਬ੍ਰਿਟਿਸ਼ ਕੋਲੰਬੀਆ ਵੱਲੋਂ ਕਾਨੂੰਨ ਨੂੰ ਰੱਦ ਕਰਨ ਦੀ ਅਪੀਲ ਅਜੇ ਸਮੇਂ ਪਹਿਲਾਂ ਹੈ। ਦੱਸਣਯੋਗ ਹੈ ਕਿ ਇਹ ਕਾਨੂੰਨ ਬੀਤੇ ਮਈ ਮਹੀਨੇ 'ਚ ਐਲਬਰਟਾ ਵਿਧਾਨ ਸਭਾ 'ਚ ਪਾਸ ਕੀਤਾ ਗਿਆ ਸੀ ਅਤੇ ਇਸ ਤਹਿਤ ਬ੍ਰਿਟਿਸ਼ ਕੋਲੰਬੀਆ ਨਿਰਯਾਤ ਕੀਤੇ ਜਾਣ ਵਾਲੇ ਤੇਲ ਨੂੰ ਸੀਮਤ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਹੀ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਵੱਲੋਂ ਇਹ ਅਪੀਲ ਕੀਤੀ ਗਈ ਸੀ। ਪਰ ਜੱਜ ਨੇ ਆਪਣੇ ਫੈਸਲੇ 'ਚ ਕਿਹਾ ਕਿ ਅਜੇ ਇਹ ਅਪੀਲ ਸਮੇਂ ਤੋਂ ਪਹਿਲਾਂ ਹੈ, ਕਿਉਂਕਿ ਐਲਬਰਟਾ ਸਰਕਾਰ ਨੇ ਕਾਨੂੰਨ ਨੂੰ ਲਾਗੂ ਨਹੀਂ ਕੀਤਾ। ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਇਸ ਸਬੰਧੀ ਮੁੜ ਅਪੀਲ ਦਰਜ ਕਰ ਸਕਦਾ ਹੈ। ਦੱਸਣਯੋਗ ਹੈ ਕਿ ਐਲਬਰਟਾ ਇਕ ਤੇਲ ਉਤਪਾਦਕ ਸੂਬਾ ਹੈ ਪਰ ਇਥੋ ਦੇ ਤੇਲ ਨੂੰ ਮਾਰਕੀਟ 'ਚ ਲਿਜਾਣ ਲਈ ਕੋਈ ਢੁਕਵਾਂ ਸਾਧਨ ਨਹੀਂ ਹੈ। ਇਸ ਦੇ ਚਲਦਿਆਂ ਸੂਬੇ 'ਚ ਤੇਲ ਦੀਆਂ ਕੀਮਤਾਂ ਦਾ ਸੰਕਟ ਖੜ੍ਹਾ ਹੋਇਆ ਹੈ ਅਤੇ ਸੂਬਾ ਸਰਕਾਰ ਨੂੰ ਨਿਗੁਣੀਆਂ ਕੀਮਤਾਂ 'ਚ ਤੇਲ ਵੇਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਟ੍ਰਾਂਸ ਮਾਊਂਟੇਨ ਪਾਈਪ ਲਾਈਨ ਇਸ ਦਾ ਚੰਗਾ ਹੱਲ ਹੈ ਪਰ ਇਸ ਦਾ ਨਿਰਮਾਣ ਵੀ ਕਾਫੀ ਸਮੇਂ ਤੋਂ ਲਟਕ ਹਿਹਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਇਸ 'ਚ ਰੁਕਾਵਟ ਪਾਉਣ ਲਈ ਸਭ ਤੋਂ ਅੱਗੇ ਖੜ੍ਹਾ ਹੈ। ਇਸ ਕਰਕੇ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੋਵੇਂ ਆਹਮੋ-ਸਾਹਮਣੇ ਰਹਿੰਦੇ ਹਨ।