PM ਅਲਬਾਨੀਜ਼ ਨੇ ਅਸਾਂਜੇ ਖ਼ਿਲਾਫ਼ ਮੁਕੱਦਮਾ ਨਾ ਚਲਾਉਣ ਦੀ ਜਨਤਕ ਬੇਨਤੀ ਕਰਨ ਤੋਂ ਕੀਤਾ ਇਨਕਾਰ

Monday, Jun 20, 2022 - 01:05 PM (IST)

PM ਅਲਬਾਨੀਜ਼ ਨੇ ਅਸਾਂਜੇ ਖ਼ਿਲਾਫ਼ ਮੁਕੱਦਮਾ ਨਾ ਚਲਾਉਣ ਦੀ ਜਨਤਕ ਬੇਨਤੀ ਕਰਨ ਤੋਂ ਕੀਤਾ ਇਨਕਾਰ

ਕੈਨਬਰਾ (ਏਜੰਸੀ) ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਜਨਤਕ ਤੌਰ 'ਤੇ ਅਮਰੀਕਾ ਨੂੰ ਵਿਕੀਲੀਕਸ ਦੇ ਸੰਸਥਾਪਕ ਅਤੇ ਆਸਟ੍ਰੇਲੀਆਈ ਨਾਗਰਿਕ ਜੂਲੀਅਨ ਅਸਾਂਜੇ ਖ਼ਿਲਾਫ਼ ਮੁਕੱਦਮਾ ਨਾ ਚਲਾਉਣ ਦੀ ਬੇਨਤੀ ਕਰਨ ਤੋਂ ਇਨਕਾਰ ਕਰ ਦਿੱਤਾ। ਯੂਕੇ ਸਰਕਾਰ ਨੇ ਪਿਛਲੇ ਹਫ਼ਤੇ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ। ਉਦੋਂ ਤੋਂ ਹੀ ਆਸਟ੍ਰੇਲੀਆ 'ਤੇ ਇਸ ਮਾਮਲੇ 'ਚ ਦਖਲ ਦੇਣ ਦਾ ਦਬਾਅ ਬਣਿਆ ਹੋਇਆ ਹੈ। 

ਅਲਬਾਨੀਜ਼ ਨੇ ਹਾਲਾਂਕਿ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕੀ ਉਨ੍ਹਾਂ ਨੇ ਇਸ ਸਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਕੋਈ ਗੱਲ ਕੀਤੀ ਸੀ। ਅਲਬਾਨੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਜੇਕਰ ਤੁਸੀਂ ਟਵਿੱਟਰ 'ਤੇ ਵੱਡੇ ਅੱਖਰਾਂ 'ਚ ਕੁਝ ਕਹੋਗੇ ਤਾਂ ਇਸ ਨਾਲ ਉਸ ਚੀਜ਼ ਦੀ ਮਹੱਤਤਾ ਵਧ ਜਾਵੇਗੀ ਪਰ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਅਜਿਹੀ ਸਰਕਾਰ ਦੀ ਅਗਵਾਈ ਕਰਨ ਦਾ ਇਰਾਦਾ ਰੱਖਦਾ ਹਾਂ, ਜਿਸ ਦੇ ਸਾਡੇ ਸਹਿਯੋਗੀਆਂ ਨਾਲ ਕੂਟਨੀਤਕ ਅਤੇ ਉਚਿਤ ਸਬੰਧ ਹੋਣ।ਉੱਥੇ ਅਟਾਰਨੀ ਜਨਰਲ ਮਾਰਕ ਡਰੇਫਸ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਬ੍ਰਿਟਿਸ਼ ਸਰਕਾਰ ਦੇ ਫ਼ੈਸਲੇ 'ਤੇ ਕਿਹਾ ਕਿ ਅਸਾਂਜੇ ਦਾ ''ਮਾਮਲਾ ਬਹੁਤ ਲੰਬਾ ਖਿੱਚ ਗਿਆ ਹੈ ਅਤੇ ਹੁਣ ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।'' 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਰੱਖਿਆ ਮੰਤਰੀ ਮਾਰਲੇਸ ਅੱਜ ਤੋਂ ਭਾਰਤ ਦੌਰੇ 'ਤੇ

ਅਸਾਂਜੇ ਦੀ ਪਤਨੀ ਸਟੈਲਾ ਨੇ ਵੀ ਇਸ ਮਾਮਲੇ 'ਚ ਆਸਟ੍ਰੇਲੀਆਈ ਸਰਕਾਰ ਦੇ ਦਖਲ ਦੀ ਮੰਗ ਕੀਤੀ ਹੈ। ਉਹਨਾਂ ਨੇ 'ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ' ਨੂੰ ਦੱਸਿਆ ਕਿ ਆਸਟ੍ਰੇਲੀਅਨ ਸਰਕਾਰ ਕੇਸ ਨੂੰ ਬੰਦ ਕਰਨ ਲਈ ਆਪਣੇ ਸਭ ਤੋਂ ਨਜ਼ਦੀਕੀ ਸਹਿਯੋਗੀ ਨਾਲ ਗੱਲ ਕਰ ਸਕਦੀ ਹੈ ਅਤੇ ਉਸ ਨੂੰ ਕਰਨੀ ਵੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਨਾਗਰਿਕ ਅਸਾਂਜੇ ਨੇ ਇਸ ਸਾਲ ਮਾਰਚ ਵਿਚ ਜੇਲ੍ਹ ਵਿਚ ਰਹਿੰਦੇ ਹੋਏ ਦੱਖਣੀ ਅਫਰੀਕਾ ਵਿੱਚ ਜਨਮੀ ਅਤੇ ਸਟੈਲਾ ਮੌਰਿਸ ਨਾਲ ਵਿਆਹ ਕਰ ਲਿਆ ਸੀ।
 


author

Vandana

Content Editor

Related News