ਅਫ਼ਗਾਨਿਸਤਾਨ ’ਚ ਅਲਕਾਇਦਾ ਦੀ ਗਿਣਤੀ ਥੋੜੀ ਵਧੀ : ਅਮਰੀਕੀ ਕਮਾਂਡਰ
Saturday, Dec 11, 2021 - 11:09 AM (IST)

ਵਾਸ਼ਿੰਗਟਨ (ਭਾਸ਼ਾ)– ਅਮਰੀਕੀ ਫੌਜ ਵੱਲੋਂ ਅਗਸਤ ਦੇ ਅਖੀਰ ਵਿਚ ਅਫ਼ਗਾਨਿਸਤਾਨ ਤੋਂ ਜਾਣ ਤੋਂ ਬਾਅਦ ਉੱਥੇ ਅੱਤਵਾਦੀ ਸਮੂਹ ਅਲਕਾਇਦਾ ਦੇ ਅੱਤਵਾਦੀਆਂ ਦੀ ਥੋੜੀ ਗਿਣਤੀ ਵਧੀ ਹੈ। ਦੇਸ਼ ਦੇ ਨਵੇਂ ਤਾਲਿਬਾਨੀ ਨੇਤਾ ਇਸ ਗੱਲ ਨੂੰ ਲੈ ਕੇ ਵੰਡੇ ਹੋਏ ਹਨ ਕਿ ਸਮੂਹ ਦੇ ਨਾਲੋਂ ਰਿਸ਼ਤਾ ਤੋੜਨ ਸਬੰਧੀ 2020 ਵਿਚ ਕੀਤੇ ਗਏ ਸੰਕਲਪ ਨੂੰ ਪੂਰਾ ਕੀਤਾ ਜਾਵੇ ਜਾਂ ਨਾ। ਅਮਰੀਕਾ ਦੇ ਇਕ ਚੋਟੀ ਦੇ ਕਮਾਂਡਰ ਨੇ ਵੀਰਵਾਰ ਨੂੰ ਇਹ ਗੱਲ ਕਹੀ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਮਰੀਨ ਜਨਰਲ ਫ੍ਰੈਂਕ ਮੈਕੇਂਜੀ ਨੇ ਕਿਹਾ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਅਤੇ ਖੁਫੀਆ ਏਜੰਸੀਆਂ ਦੀ ਵਾਪਸੀ ਨੇ ਅਫ਼ਗਾਨਿਸਤਾਨ ਦੇ ਅੰਦਰ ਅਲਕਾਇਦਾ ਅਤੇ ਹੋਰ ਕੱਟੜਪੰਥੀ ਸਮੂਹਾਂ 'ਤੇ ਨਜ਼ਰ ਰੱਖਣਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ।
ਮੈਕੇਂਜੀ ਨੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੂੰ ਦੱਸਿਆ ਕਿ ਇਹ ਸਪੱਸ਼ਟ ਹੈ ਕਿ ਅਲਕਾਇਦਾ ਅਫ਼ਗਾਨਿਸਤਾਨ ਦੇ ਅੰਦਰ ਆਪਣੀ ਮੌਜੂਦਗੀ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੋਂ ਉਸ ਨੇ ਅਮਰੀਕਾ ਦੇ ਖਿਲਾਫ਼ 11 ਸਤੰਬਰ 2001 ਦੇ ਹਮਲਿਆਂ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਕੁਝ ਅੱਤਵਾਦੀ ਅਫ਼ਗਾਨਿਸਤਾਨ ਦੀ ਸਰਹੱਦ ਤੋਂ ਦੇਸ਼ 'ਚ ਆ ਰਹੇ ਹਨ, ਪਰ ਅਮਰੀਕਾ ਲਈ ਉਨ੍ਹਾਂ ਦੀ ਗਿਣਤੀ 'ਤੇ ਨਜ਼ਰ ਰੱਖਣਾ ਮੁਸ਼ਕਲ ਹੈ। ਅਮਰੀਕਾ ਵਿਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ, ਅਮਰੀਕਾ ਨੇ ਲਗਭਗ 20 ਸਾਲਾਂ ਤੱਕ ਅਫ਼ਗਾਨਿਸਤਾਨ ਵਿਚ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਿਆ ਅਤੇ ਤਾਲਿਬਾਨ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਸਫ਼ਲ ਰਿਹਾ, ਪਰ ਆਖਰਕਾਰ ਤਾਲਿਬਾਨ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ। ਅਪ੍ਰੈਲ ਵਿਚ ਰਾਸ਼ਟਰਪਤੀ ਜੋਅ ਬਾਇਡੇਨ ਨੇ ਘੋਸ਼ਣਾ ਕੀਤੀ ਸੀ ਕਿ ਉਹ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਫੌਜ ਵਾਪਸ ਲੈ ਰਹੇ ਹਨ।