ਏਅਰ ਹੋਸਟੈੱਸ ਨੇ ਟਾਇਲਟ ਜਾਣ ਤੋਂ ਰੋਕਿਆ ਤਾਂ ਯਾਤਰੀ ਨੇ ਸੀਟ ''ਤੇ ਹੀ ਕਰ ''ਤਾ ਪਿਸ਼ਾਬ, ਮਿਲੀ ਇਹ ਸਜ਼ਾ
Monday, May 22, 2023 - 05:06 AM (IST)
ਇੰਟਰਨੈਸ਼ਨਲ ਡੈਸਕ : ਜੇਕਰ ਤੁਸੀਂ ਜਹਾਜ਼ 'ਚ ਸਫਰ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਟੇਕਆਫ-ਲੈਂਡਿੰਗ ਅਤੇ ਟੈਕਸੀ ਮੋਡ ਦੌਰਾਨ ਕਿਸੇ ਨੂੰ ਵੀ ਟਾਇਲਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਅਸਲ 'ਚ ਇਹ ਸੁਰੱਖਿਆ ਕਾਰਨਾਂ ਕਰਕੇ ਕੀਤਾ ਜਾਂਦਾ ਹੈ ਪਰ ਇਕ ਹਵਾਈ ਯਾਤਰੀ ਨੇ ਹੱਦ ਪਾਰ ਕਰ ਦਿੱਤੀ। ਲੈਂਡਿੰਗ ਤੋਂ ਬਾਅਦ ਜਦੋਂ ਏਅਰ ਹੋਸਟੈੱਸ ਨੇ ਯਾਤਰੀ ਨੂੰ ਟਾਇਲਟ ਜਾਣ ਤੋਂ ਰੋਕਿਆ ਤਾਂ ਉਸ ਨੇ ਆਪਣੀ ਸੀਟ 'ਤੇ ਹੀ ਪਿਸ਼ਾਬ ਕਰ ਦਿੱਤਾ। ਇਹ ਅਜੀਬ ਘਟਨਾ ਦੁਬਈ ਤੋਂ ਮਾਨਚੈਸਟਰ ਜਾ ਰਹੀ ਅਮੀਰਾਤ ਏਅਰਲਾਈਨਜ਼ ਦੀ ਫਲਾਈਟ ਵਿੱਚ ਵਾਪਰੀ।
ਇਹ ਵੀ ਪੜ੍ਹੋ : ਦਿੱਲੀ ਦੇ ਸਿਨੇਮਾ ਹਾਲ 'ਚ ਲੱਗੀ ਭਿਆਨਕ ਅੱਗ, 67 ਲੋਕ ਦੇਖ ਰਹੇ ਸਨ ਫ਼ਿਲਮ
ਮਾਨਚੈਸਟਰ ਈਵਨਿੰਗ ਨਿਊਜ਼ ਮੁਤਾਬਕ ਯਾਤਰੀ ਦੀ ਪਛਾਣ 39 ਸਾਲਾ ਲਾਇਡ ਜਾਨਸਨ ਵਜੋਂ ਹੋਈ ਹੈ, ਜੋ ਆਪਣੀ ਪਤਨੀ ਨਾਲ ਛੁੱਟੀਆਂ ਮਨਾਉਣ ਤੋਂ ਬਾਅਦ ਦੁਬਈ ਤੋਂ ਮਾਨਚੈਸਟਰ ਪਰਤ ਰਿਹਾ ਸੀ। ਲਾਇਡ ਨੂੰ ਮਾਨਚੈਸਟਰ ਹਵਾਈ ਅੱਡੇ 'ਤੇ ਉਤਰਨ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਜਿੱਥੋਂ ਉਸ ਨੂੰ ਸਿੱਧਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਜ਼ਿਲ੍ਹਿਆਂ ਦੇ DC ਸਣੇ 64 IAS ਤੇ PCS ਅਫ਼ਸਰ ਬਦਲੇ, ਪੜ੍ਹੋ ਪੂਰੀ ਲਿਸਟ
ਲਾਇਡ ਚੈਪਲ-ਐਨ-ਲੇ-ਫ੍ਰੀਥ ਦਾ ਰਹਿਣ ਵਾਲਾ ਹੈ। ਲੈਂਡਿੰਗ ਸਮੇਂ ਉਸ ਨੂੰ ਜ਼ੋਰਾਂ ਦਾ ਪਿਸ਼ਾਬ ਆਇਆ ਪਰ ਏਅਰ ਹੋਸਟੈੱਸ ਨੇ ਉਸ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਲਾਇਡ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਸੀਟ 'ਤੇ ਬੈਠਿਆਂ ਹੀ ਪਿਸ਼ਾਬ ਕਰ ਦਿੱਤਾ। ਇਸ ਕਾਰਨ ਬਾਕੀ ਯਾਤਰੀਆਂ ਨੂੰ ਵੀ ਪ੍ਰੇਸ਼ਾਨ ਹੋਣਾ ਪਿਆ। ਇਸ ਕੇਸ ਦੀ ਸੁਣਵਾਈ ਮਿਨਸ਼ੁਲ ਸਟਰੀਟ ਕਰਾਊਨ ਕੋਰਟ ਵਿੱਚ ਹੋਈ, ਜਿੱਥੇ ਕਿਹਾ ਗਿਆ ਕਿ ਲਾਇਡ ਨਸ਼ੇ ਵਿੱਚ ਸੀ। ਉਹ ਆਪਣੇ ਪੈਰਾਂ 'ਤੇ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ। ਉਸ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਗਸ਼ਤ ਦੌਰਾਨ ਹੈਲੀਕਾਪਟਰ ਕ੍ਰੈਸ਼, ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ
ਇੰਨਾ ਹੀ ਨਹੀਂ, ਉਸ ਨੇ ਬਾਕੀ ਯਾਤਰੀਆਂ ਨਾਲ ਵੀ ਦੁਰਵਿਵਹਾਰ ਕੀਤਾ ਤੇ ਫਲਾਈਟ 'ਚ ਜੰਮ ਕੇ ਹੰਗਾਮਾ ਕੀਤਾ। ਅਦਾਲਤ ਨੇ ਲਾਇਡ ਨੂੰ ਜਹਾਜ਼ ਵਿੱਚ ਸ਼ਰਾਬੀ ਹੋਣ ਕਾਰਨ £510 (ਯਾਨੀ 52,626.05 ਰੁਪਏ) ਦਾ ਜੁਰਮਾਨਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੂੰ ਇਸ ਲਈ ਜੇਲ੍ਹ ਨਹੀਂ ਭੇਜਿਆ ਗਿਆ ਕਿਉਂਕਿ ਇਹ ਸਾਬਤ ਨਹੀਂ ਹੋ ਸਕਿਆ ਕਿ ਉਸ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।